ਜਲੰਧਰ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦਿੱਲੀ ਦੇ ਗੁਰਦੁਆਰਾ ਨਾਨਕ ਪਿਆਊ ਸਾਹਿਬ ਤੋਂ ਸ਼ੁਰੂ ਹੋਇਆ ਕੌਮਾਂਤਰੀ ਨਗਰ ਕੀਰਤਨ ਜਲੰਧਰ ਪਹੁੰਚ ਗਿਆ ਹੈ। ਜਲੰਧਰ ਪੁੱਜਣ 'ਤੇ ਸੈਂਕੜਿਆਂ ਦੀ ਗਿਣਤੀ ਵਿੱਚ ਸਿੱਖ ਸ਼ਰਧਾਲੂਆਂ ਨੇ ਨਗਰ ਕੀਰਤਨ ਦਾ ਫੁੱਲਾਂ ਨਾਲ ਸਵਾਗਤ ਕੀਤਾ। ਸੰਗਤਾਂ ਵੱਲੋਂ ਥਾਂ-ਥਾਂ ਉੱਤੇ ਲੰਗਰ ਵੀ ਲਾਏ ਗਏ।
ਜ਼ਿਕਰਯੋਗ ਹੈ ਕਿ ਦਿੱਲੀ ਤੋਂ ਚੱਲਿਆ ਇਹ ਨਗਰ ਕੀਰਤਨ ਮੰਗਲਵਾਰ ਰਾਤ ਸੁਲਤਾਨਪੁਰ ਵਿਖੇ ਵਿਸ਼ਰਾਮ ਕਰੇਗਾ ਤੇ ਬੁੱਧਵਾਰ ਨੂੰ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਲਈ ਰਵਾਨਾ ਹੋ ਜਾਵੇਗਾ। ਇਸ ਤੋਂ ਬਾਅਦ ਵੀਰਵਾਰ ਨੂੰ ਇਹ ਨਗਰ ਕੀਰਤਨ ਵਾਹਗਾ ਬਾਰਡਰ ਰਾਹੀਂ ਪਾਕਿਸਤਾਨ ਜਾਵੇਗਾ। ਇਸ ਵਿੱਚ ਸਿਰਫ਼ 1500 ਸ਼ਰਧਾਲੂਆਂ ਨੂੰ ਜਾਣ ਦੀ ਇਜਾਜ਼ਤ ਦਿੱਤੀ ਗਈ ਹੈ, ਇਹ ਸ਼ਰਧਾਲੂ ਪਾਕਿਸਤਾਨ ਵਿਖੇ ਨਨਕਾਣਾ ਸਾਹਿਬ ਤੇ ਹੋਰ ਕਈ ਧਾਰਮਿਕ ਥਾਵਾਂ ਦੇ ਦਰਸ਼ਨਾਂ ਤੋਂ ਬਾਅਦ 7 ਨਵੰਬਰ ਨੂੰ ਵਾਪਿਸ ਭਾਰਤ ਪਰਤਣਗੇ।