ਜਲੰਧਰ: ਸੋਸ਼ਲ ਮੀਡੀਆ ਉੱਤੇ ਕੁਝ ਦਿਨ ਪਹਿਲਾ ਇੱਕ ਪਾਕਿਸਤਾਨ ਦੇ ਰਹਿਣ ਵਾਲੇ ਰਵੀਸ਼ ਕੁਮਾਰ ਨੇ ਦੁਬਈ ਦੇ ਫੁੱਟਪਾਥ ਉੱਤੇ ਜੀਵਨ ਬਤੀਤ ਕਰ ਰਹੇ ਦੋ ਪੰਜਾਬੀ ਵਿਅਕਤੀਆਂ ਦੀ ਵੀਡੀਓ ਵਾਇਰਲ ਕੀਤੀ ਸੀ ਉਸ ਵੀਡੀਓ ਨੂੰ ਦੇਖ ਕੇ ਪੀਟੀਸੀ ਸੰਸਥਾ ਨੇ ਉਨ੍ਹਾਂ ਦੋਨਾਂ ਨੌਜਵਾਨਾਂ ਨੂੰ ਵਾਪਸ ਆਪਣੇ ਵਤਨ ਵਾਪਸ ਲਿਆਂਦਾ ਹੈ। ਚਰਨਜੀਤ ਦੇ ਦੁਬਈ ਤੋਂ ਵਾਪਸ ਪਰਤਨ ਉੱਤੇ ਪਰਿਵਾਰਕ ਮੈਂਬਰ ਬਹੁਤ ਖੁਸ਼ ਹਨ ਤੇ ਉਹ ਪੀਟੀਸੀ ਸੰਸਥਾ ਤੇ ਸਰਕਾਰ ਦਾ ਧੰਨਵਾਦ ਕਰ ਰਹੇ ਹਨ।
ਪੀਟੀਸੀ ਸੰਸਥਾ ਦੇ ਮੈਂਬਰ ਨੇ ਕਿਹਾ ਕਿ ਜਦੋਂ ਉਨ੍ਹਾਂ ਦੁਬਈ ਵਿੱਚ ਦੋ ਪੰਜਾਬੀ ਨੌਜਵਾਨਾਂ ਦੇ ਫੁੱਟਪਾਥ ਉੱਤੇ ਰਹਿਣ ਦੀ ਵਾਇਰਲ ਵੀਡੀਓ ਮਿਲੀ ਸੀ ਉਦੋਂ ਉਨ੍ਹਾਂ ਨੇ ਉਨ੍ਹਾਂ ਦੋਨਾਂ ਪੰਜਾਬੀ ਨੌਜਵਾਨਾਂ ਨਾਲ ਸਪੰਰਕ ਸਥਾਪਿਤ ਕਰ ਉਨ੍ਹਾਂ ਵਾਪਸ ਭਾਰਤ ਭੇਜਣ ਦੇ ਯਤਨ ਕੀਤੇ ਉਨ੍ਹਾਂ ਯਤਨ ਸਦਕਾ ਉਨ੍ਹਾਂ ਨੇ ਚਰਨਜੀਤ ਸਿੰਘ ਨੂੰ ਆਪਣੇ ਘਰ ਫਗਵਾੜਾ ਦੇ ਜਮਾਲਪੁਰ ਵਿੱਚ ਪਹੁੰਚਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਨੌਜਵਾਨਾਂ ਨੂੰ ਗੁੰਮਰਾਹ ਕਰਕੇ ਵਿਦੇਸ਼ ਭੇਜਦੇ ਹਨ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।
ਪੰਜਾਬੀ ਗਾਇਕ ਫ਼ਿਰੋਜ਼ ਖ਼ਾਨ ਨੇ ਕਿਹਾ ਕਿ ਇਨ੍ਹਾਂ ਦੋਨਾਂ ਵਿਅਕਤੀਆਂ ਵਾਪਸ ਵਤਨ ਲਿਆਉਣ ਲਈ ਸਰਕਾਰ ਨੇ ਵੀ ਪੂਰਾ ਸਹਿਯੋਗ ਦਿੱਤਾ ਹੈ। ਬਿਨ੍ਹਾਂ ਸਰਕਾਰ ਦੇ ਸਹਿਯੋਗ ਦੇ ਇਨ੍ਹਾਂ ਦੋਨਾਂ ਵਿਅਕਤੀਆਂ ਨੂੰ ਵਾਪਸ ਲਿਆਉਣ ਨਾਮੁਕਿਨ ਸੀ।
ਚਰਨਜੀਤ ਦੀ ਮਾਤਾ ਨੇ ਕਿਹਾ ਕਿ ਉਨ੍ਹਾਂ ਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਕਈ ਸਾਲਾਂ ਬਾਅਦ ਉਨ੍ਹਾਂ ਦਾ ਪੁੱਤਰ ਘਰ ਪਰਤਿਆ ਹੈ। ਉਨ੍ਹਾਂ ਨੇ ਭਾਰਤ ਸਰਕਾਰ ਤੇ ਪੀਟੀਸੀ ਸੰਸਥਾ ਦਾ ਧੰਨਵਾਦ ਕੀਤਾ। ਚਰਨਜੀਤ ਸਿੰਘ ਨੇ ਕਿਹਾ ਕਿ ਉਹ ਫੁੱਟਪਾਥ ਉੱਤੇ ਪਿਛਲੇ ਡੇਢ ਸਾਲ ਤੋਂ ਰਹਿ ਰਹੇ ਸੀ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਤਾਂ ਉਹ ਉੱਥੇ ਹੀ ਕਿਸੇ ਸ਼ੇਖ ਦੇ ਕੋਲ ਕੰਮ ਕਰਦੇ ਸੀ ਤੇ ਉਨ੍ਹਾਂ ਦਾ ਪਾਸਪੋਰਟ ਵੀ ਸ਼ੇਖ ਕੋਲ ਹੀ ਸੀ ਜਿਸ ਕਾਰਨ ਉਹ ਵਾਪਸ ਨਹੀਂ ਆ ਪਾ ਰਹੇ ਸਨ। ਉਨ੍ਹਾਂ ਕਿਹਾ ਕਿ ਇਸ ਮਗਰੋਂ ਉਹ ਉੱਥੇ ਦੇ ਫੁੱਟਪਾਥ ਉੱਤੇ ਰਹਿਣ ਨੂੰ ਮਜ਼ਬੂਰ ਹੋ ਗਏ। ਉਨ੍ਹਾਂ ਨੇ ਪੀਟੀਸੀ ਸੰਸਥਾ ਤੇ ਭਾਰਤ ਸਰਕਾਰ ਦਾ ਧੰਨਵਾਦ ਕੀਤਾ।