ਜਲੰਧਰ: ਬੀਤੀ ਰਾਤ ਤੇਜ਼ ਮੀਂਹ ਅਤੇ ਹਨ੍ਹੇਰੀ ਕਾਰਨ ਜਲੰਧਰ ਦੇ ਪੀਰ ਬੋਦਲਾ ਬਾਜ਼ਾਰ ਇਲਾਕੇ ਵਿੱਚ ਰਹਿਣ ਵਾਲੇ ਪਿਓ ਤੇ ਪੁੱਤ ਦੀ ਮੌਤ ਹੋ ਗਈ। ਦਰਅਸਲ ਪਾਣੀ ਭਰਨ ਅਤੇ ਉਸ ਪਾਣੀ ਵਿੱਚ ਬਿਜਲੀ ਦੀ ਤਾਰ ਡਿੱਗ ਜਾਣ ਕਾਰਨ ਪਿਓ ਤੇ ਪੁੱਤ ਨੂੰ ਕਰੰਟ ਲੱਗ ਗਿਆ ਜਿਸ ਕਾਰਨ ਦੋਵਾਂ ਦੀ ਮੌਤ ਹੋ ਗਈ।
ਦੋਵਾਂ ਪਿਓ ਤੇ ਪੁੱਤ ਦੀ ਪਛਾਣ ਜਲੰਧਰ ਦੇ ਪੀਰ ਬੋਦਲਾ ਬਾਜ਼ਾਰ ਦੇ ਰਹਿਣ ਵਾਲੇ 44 ਸਾਲਾ ਗੁਲਸ਼ਨ ਕੁਮਾਰ ਅਤੇ 13 ਸਾਲਾ ਅਮਨ ਅਰੋੜਾ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਦੋਵੇਂ ਦੁਕਾਨ ਬੰਦ ਕਰਕੇ ਬਾਜ਼ਾਰ ਤੋਂ ਆਪਣੇ ਘਰ ਵੱਲ ਜਾ ਰਹੇ ਸੀ ਕਿ ਅਚਾਨਕ ਮੀਂਹ ਹਨ੍ਹੇਰੀ ਕਰਕੇ ਪਾਣੀ ਵਿੱਚ ਡਿੱਗੀ ਇੱਕ ਬਿਜਲੀ ਦੀ ਤਾਰ ਨਾਲ ਉਨ੍ਹਾਂ ਨੂੰ ਕਰੰਟ ਲੱਗ ਗਿਆ ਅਤੇ ਦੋਵਾਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ।
ਨੇੜੇ ਤੇੜੇ ਦੇ ਲੋਕਾਂ ਨੇ ਜਦੋਂ ਪਿਓ ਤੇ ਪੁੱਤ ਨੂੰ ਪਾਣੀ ਵਿੱਚ ਡਿੱਗੇ ਦੇਖਿਆ ਤਾਂ ਛੇਤੀ ਬਿਜਲੀ ਬੰਦ ਕਰਵਾ ਕੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਜਲੰਧਰ ਦੇ ਥਾਣਾ ਨੰਬਰ 4 ਦੀ ਸਬ ਇੰਸਪੈਕਟਰ ਅਮਨਪ੍ਰੀਤ ਕੌਰ ਨੇ ਇਸ ਪੂਰੀ ਘਟਨਾ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਹਾਦਸਾ ਬਿਜਲੀ ਦੀ ਤਾਰ ਪਾਣੀ ਵਿੱਚ ਡਿੱਗਣ ਅਤੇ ਪਾਣੀ ਵਿੱਚ ਕਰੰਟ ਆਉਣ ਕਾਰਨ ਵਾਪਰਿਆ ਹੈ ਜਿਸ ਵਿੱਚ ਇਨ੍ਹਾਂ ਦੋਨਾਂ ਦੀ ਜਾਨ ਗਈ ਹੈ।