ਜਲੰਧਰ: ਪੰਜਾਬ ਚ 10 ਅ੍ਰਪੈਲ ਤੋਂ ਕਣਕ ਦੀ ਖਰੀਦ ਸ਼ੁਰੂ ਹੋ ਜਾਵੇਗੀ। ਇਸ ਨੂੰ ਦੇਖਦੇ ਹੋਏ ਪ੍ਰਸ਼ਾਸਨ ਵੱਲੋਂ ਮੰਡੀਆਂ ਵਿੱਚ ਤਿਆਰੀਆਂ ਪੂਰੀਆਂ ਕੀਤੇ ਦਾਣ ਦੇ ਦਾਅਵੇ ਕੀਤੇ ਜਾ ਰਹੇ ਹਨ। ਦੂਜੇ ਪਾਸੇ ਕਿਸਾਨ ਖਰੀਦ ਸ਼ੁਰੂ ਕਰਨ ਦੀ ਤੈਅ ਤਰੀਕ ਤੋਂ ਪਹਿਲੇ ਹੀ ਮੰਡੀ ਵਿੱਚ ਕਣਕ ਲੈ ਕੇ ਪਹੁੰਚ ਗਏ ਹਨ। ਜ਼ਿਲ੍ਹੇ ਦਾਣਾ ਮੰਡੀ ਵਿਖੇ ਕਿਸਾਨਾਂ ਵੱਲੋਂ ਫ਼ਸਲ ਲੈ ਕੇ ਆਉਣਾ ਸ਼ੁਰੂ ਹੋ ਗਿਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਕਣਕ ਪੱਕ ਚੁੱਕੀ ਹੈ ਅਤੇ ਕਣਕ ਪੱਕਣ ਤੋਂ ਬਾਅਦ ਇਸ ਚੀਜ਼ ਦਾ ਖ਼ਤਰਾ ਹਮੇਸ਼ਾ ਬਣਿਆ ਰਹਿੰਦਾ ਹੈ ਕਿ ਕਿਤੇ ਕੋਈ ਅੱਗ ਦੀ ਘਟਨਾ ਨਾ ਵਾਪਰ ਜਾਵੇ। ਇਸੇ ਕਾਰਨ ਉਹ ਮੰਡੀ ਚ ਸਮੇਂ ਤੋਂ ਪਹਿਲਾਂ ਹੀ ਕਣਕ ਲੈ ਕੇ ਆ ਰਹੇ ਹਨ। ਦੂਜੇ ਪਾਸੇ ਪ੍ਰਸ਼ਾਸਨ ਵੱਲੋਂ ਕੀਤੀਆਂ ਗਈਆਂ ਤਿਆਰੀਆਂ ’ਤੇ ਕਿਸਾਨਾਂ ਦਾ ਕਹਿਣਾ ਹੈ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਤਿਆਰੀ ਇਸ ਵਾਰ ਪ੍ਰਸ਼ਾਸਨ ਵੱਲੋਂ ਨਹੀਂ ਕੀਤੀ ਗਈ। ਕਿਸਾਨਾਂ ਨੇ ਦੱਸਿਆ ਕਿ ਨਾ ਤਾਂ ਮੰਡੀਆਂ ਵਿੱਚ ਕੋਈ ਪਾਣੀ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਨਾ ਹੀ ਕੋਈ ਹੋਰ ਇੰਤਜ਼ਾਮ ਹੈ।
ਦੂਜੇ ਪਾਸੇ ਮੰਡੀ ਬੋਰਡ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਣਕ ਦੀ ਆਮਦ ਤੋਂ ਪਹਿਲਾਂ ਮੰਡੀ ਵਿਚ ਹਰ ਤਰੀਕੇ ਦੀ ਤਿਆਰੀ ਕਰ ਲਈ ਗਈ ਹੈ। ਜਿੱਥੇ ਇੱਕ ਪਾਸੇ ਕੋਰੋਨਾ ਨੂੰ ਦੇਖਦੇ ਹੋਏ ਮੰਡੀ ਵਿੱਚ ਕਿਸਾਨਾਂ ਲਈ ਉਨ੍ਹਾਂ ਮੁਤਾਬਿਕ ਕੋਰੋਨਾ ਦੀ ਗਾਈਡਲਾਈਨਜ਼ ਅਨੁਸਾਰ ਸਮਾਜਿਕ ਦੂਰੀ ਦਾ ਧਿਆਨ ਰੱਖਣ ਲਈ ਕਿਸਾਨਾਂ ਨੂੰ ਹਿਦਾਇਤ ਦਿੱਤੀ ਜਾ ਰਹੀ ਹੈ। ਇਸ ਦੇ ਨਾਲ ਹੀ ਮੰਡੀ ਵਿੱਚ ਪਾਣੀ ਅਤੇ ਬਾਕੀ ਮੁੱਢਲੀਆਂ ਸੁਵਿਧਾਵਾਂ ਦਾ ਵੀ ਇੰਤਜ਼ਾਮ ਕੀਤਾ ਗਿਆ ਹੈ ਤਾਂ ਕਿ ਇੱਥੇ ਆਉਣ ਵਾਲੇ ਕਿਸੇ ਵੀ ਕਿਸਾਨ ਨੂੰ ਕੋਈ ਪਰੇਸ਼ਾਨੀ ਨਾ ਹੋਵੇ।