ਜਲੰਧਰ: ਕਿਸਾਨਾਂ ਵੱਲੋਂ ਗੰਨੇ ਦੀਆਂ ਕੀਮਤਾਂ ਅਤੇ ਬਕਾਇਆ ਰਾਸ਼ੀ ਨੂੰ ਲੈ ਕੇ ਪਿਛਲੇ ਪੰਜ ਦਿਨਾਂ ਤੋਂ ਜਲੰਧਰ ਵਿਖੇ ਦਿੱਤਾ ਜਾ ਰਿਹਾ ਧਰਨਾ ਅੱਜ ਖਤਮ ਹੋ ਗਿਆ ਹੈ। ਪੰਜ ਦਿਨਾਂ ਦੇ ਧਰਨੇ ਦੇ ਦੌਰਾਨ ਕਿਸਾਨਾਂ ਦੀ ਪਹਿਲਾਂ ਸਰਕਾਰ ਦੇ ਮੰਤਰੀ ਫਿਰ ਸਰਕਾਰ ਦੇ ਅਧਿਕਾਰੀ ਅਤੇ ਉਸ ਤੋਂ ਬਾਅਦ ਤੀਸਰੀ ਮੀਟਿੰਗ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਹੋਈ ਹੈ।
ਕਿਸਾਨਾਂ ਵੱਲੋਂ ਜੋ ਗੰਨੇ ਦੀ ਫਸਲ ਦੀ ਕੀਮਤ ਚਾਰ ਸੌ ਰੁਪਏ ਪ੍ਰਤੀ ਕੁਇੰਟਲ ਮੰਗੀ ਜਾ ਰਹੀ ਸੀ ਉਸਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਨੂੰ ਤਿੱਨ ਸੌ ਸੱਠ ਰੁਪਏ ਪ੍ਰਤੀ ਕੁਇੰਟਲ ‘ਤੇ ਸਹਿਮਤ ਕਰ ਲਿਆ ਹੈ।
ਕੈਪਟਨ ਅਮਰਿੰਦਰ ਸਿੰਘ ਵੱਲੋਂ ਕਿਸਾਨਾਂ ਨੂੰ ਗੰਨੇ ਦੀ ਫਸਲ ਦੀ ਕੀਮਤ ਤਿੱਨ ਸੌ ਸੱਠ ਰੁਪਏ ਪ੍ਰਤੀ ਕੁਇੰਟਲ ਦੇਣ ਦੇ ਐਲਾਨ ਤੋਂ ਬਾਅਦ ਕਿਸਾਨ ਕਾਫੀ ਖੁਸ਼ ਨਜ਼ਰ ਆਏ ਹਨ। ਜਿੱਥੇ ਚੰਡੀਗੜ੍ਹ ਵਿਖੇ ਕਿਸਾਨ ਕੈਪਟਨ ਨਾਲ ਮੀਟਿੰਗ ਤੋਂ ਬਾਅਦ ਖੁਸ਼ੀ-ਖੁਸ਼ੀ ਬਾਹਰ ਆਏ ਉੱਥੇ ਹੀ ਉਨ੍ਹਾਂ ਦੇ ਬਾਹਰ ਆਉਂਦਿਆਂ ਹੀ ਜਲੰਧਰ ਵਿਖੇ ਵੀ ਕਿਸਾਨਾਂ ਵੱਲੋਂ ਜਿੱਤ ਦੇ ਜੈਕਾਰੇ ਲੱਗਣੇ ਸ਼ੁਰੂ ਹੋ ਗਏ।
ਫਿਲਹਾਲ ਕੈਪਟਨ ਅਮਰਿੰਦਰ ਸਿੰਘ ਅਤੇ ਕਿਸਾਨਾਂ ਵਿੱਚ ਹੋਈ ਸਹਿਮਤੀ ਤੋਂ ਬਾਅਦ ਕਿਸਾਨਾਂ ਵੱਲੋਂ ਜਲੰਧਰ ਦਾ ਧਰਨਾ ਹਟਾਉਣ ਦਾ ਐਲਾਨ ਕਰ ਦਿੱਤਾ ਗਿਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਉਹ ਆਪਣੀ ਲੜਾਈ ਜਿੱਤ ਗਏ ਹਨ ਅਤੇ ਹੁਣ ਇਸੇ ਦੌਰਾਨ ਦਿੱਲੀ ਦੀ ਲੜਾਈ ਜਿੱਤਣ ਲਈ ਦਿੱਲੀ ਫਿਰ ਤੋਂ ਜਾ ਰਹੇ ਹਨ।
ਇਹ ਵੀ ਪੜ੍ਹੋ:ਕਿਸਾਨਾਂ ਤੇ ਸਰਕਾਰ ਵਿਚਾਲੇ ਬਣੀ ਸਹਿਮਤੀ, ਹੁਣ ਇਸ ਭਾਅ ਤੁਲੇਗਾ ਗੰਨਾ