ਜਲੰਧਰ: ਕਸਬਾ ਫਿਲੌਰ ਦੇ ਨਜ਼ਦੀਕੀ ਪਿੰਡ ਵਿਰਕਾਂ ‘ਚ ਗੁੰਡਾਗਰਦੀ ਦਾ ਨੰਗਾ ਨਾਚ ਵੇਖਣ ਨੂੰ ਮਿਲਿਆ ਹੈ। ਜਿੱਥੇ 2 ਹਥਿਆਰਬੰਦ ਵਿਅਕਤੀਆਂ ਨੇ ਇੱਕ ਘਰ ਉੱਤੇ ਹਮਲਾ ਕਰਕੇ 2 ਨੌਜਵਾਨਾਂ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਪੀੜਤ ਸਰੋਜ ਕੁਮਾਰ ਨੇ ਦੱਸਿਆ, ਕਿ ਰਾਤ ਦੇ ਸਮੇਂ ਉਨ੍ਹਾਂ ਦੇ ਘਰ ਦੇ ਦਰਵਾਜ਼ੇ ਅਤੇ ਖਿੜਕੀਆਂ ਨਾਲ ਤੋੜ ਭੰਨ ਕੀਤੀ ਜਾ ਰਹੀ ਸੀ, ਜਦੋਂ ਉਨ੍ਹਾਂ ਨੇ ਬਾਹਰ ਨਿਕਲ ਕੇ ਵੇਖਿਆ, ਤਾਂ ਕੁਝ ਹਥਿਆਰ ਬੰਦ ਲੋਕਾਂ ਵੱਲੋਂ ਉਨ੍ਹਾਂ ਦੇ ਘਰ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਰਹੇ ਸਨ।
ਜਿਸ ਤੋਂ ਬਾਅਦ ਉਸ ਨੇ ਰੌਲਾ ਪਾਇਆ ਤੇ ਗੁਆਂਢੀਆਂ ਦੇ ਲੜਕੇ ਸਮਝਾਉਣ ਲਈ ਆਏ, ਤਾਂ 2 ਹਥਿਆਰਬੰਦ ਵਿਅਕਤੀਆਂ ਨੇ ਉਸ ਉੱਤੇ ਵੀ ਹਮਲਾ ਕਰਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ। ਜਿਨ੍ਹਾਂ ਨੂੰ ਇਲਾਜ ਦੇ ਲਈ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ।
ਪੀੜਤ ਵਿਅਕਤੀ ਦਾ ਕਹਿਣਾ ਹੈ, ਕਿ ਘਟਨਾ ਦੀ ਜਾਣਕਾਰੀ ਦੇਣ ਤੋਂ ਬਾਅਦ ਵੀ ਪੁਲਿਸ ਵੱਲੋਂ ਮੁਲਜ਼ਮਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਪੀੜਤ ਮਹਿਲਾ ਮਨਜੀਤ ਕੌਰ ਨੇ ਕਿਹਾ, ਕਿ ਮੁਲਜ਼ਮਾਂ ਵੱਲੋਂ ਉਨ੍ਹਾਂ ਦੇ ਪੁੱਤਰਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ ਹਨ। ਮਹਿਲਾ ਨੇ ਦੱਸਿਆ, ਕਿ ਜਿਨ੍ਹਾਂ ਨੇ ਉਨ੍ਹਾਂ ਦੇ ਘਰ ਉੱਤੇ ਹਮਲਾ ਕੀਤਾ ਹੈ। ਉਹ ਉਨ੍ਹਾਂ ਦੇ ਪਿੰਡ ਦਾ ਹੀ ਮੁੰਡਾ ਹੈ।
ਉਧਰ ਮਾਮਲੇ ਦੀ ਜਾਂਚ ਨੂੰ ਲੈਕੇ ਡੀਐੱਸਪੀ ਹਰਲੀਨ ਸਿੰਘ ਨੇ ਕਿਹਾ, ਕਿ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਤੇ ਮੁਲਜ਼ਮਾਂ ਖ਼ਿਲਾਫ਼ ਜਲਦ ਤੋਂ ਜਲਦ ਬਣਦੀ ਕਾਨੂੰਨੀ ਕਾਰਵਾਈ ਹੋਵੇਗੀ।