ਲੁਧਿਆਣਾ: ਬੀਜ ਘੁਟਾਲੇ ਦੇ ਮਮਾਲੇ ਵਿੱਚ ਗਠਤ ਵਿਸ਼ੇਸ਼ ਜਾਂਚ ਟੀਮ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਬਲਜਿੰਦਰ ਸਿੰਘ ਦੇ ਰਿਮਾਂਡ ਵਿੱਚ ਅਦਾਲਤ ਨੇ ਤਿੰਨ ਦਿਨਾਂ ਦਾ ਹੋਰ ਵਾਧਾ ਕਰ ਦਿੱਤਾ ਹੈ। ਬਲਜਿੰਦਰ ਸਿੰਘ ਦੇ ਵਕੀਲ ਨੇ ਕਿਹਾ ਕਿ ਉਨ੍ਹਾਂ ਦਾ ਮੁਅਕਲ ਬੇਕਸੂਰ ਹੈ ਤੇ ਰਾਜਨੀਤਿਕ ਹਿੱਤਾਂ ਲਈ ਉਸ ਨੂੰ ਫਸਾਇਆ ਜਾ ਰਿਹਾ ਹੈ।
ਬਲਜਿੰਦਰ ਸਿੰਘ ਦੇ ਵਕੀਲ ਮਨਵੀਰ ਸਿੰਘ ਗਿੱਲ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਮੁਅਕਲ ਬੇਕਸੂਰ ਹੈ। ਉਨ੍ਹਾਂ ਕਿਹਾ ਕਿ ਪੁਲਿਸ ਨੇ ਪਹਿਲਾਂ ਵੀ ਜੋ ਤੱਥ ਪੇਸ਼ ਕਰਕੇ ਰਿਮਾਂਡ ਮੰਗਿਆ ਸੀ ,ਉਨ੍ਹਾਂ ਤੱਥਾਂ ਦੇ ਅਧਾਰ 'ਤੇ ਮੁੜ ਅਦਾਲਤ ਤੋਂ ਰਿਮਾਂਡ ਮੰਗਿਆ ਗਿਆ ਹੈ।
ਵਕੀਲ ਨੇ ਕਿਹਾ ਕਿ ਇਸ ਮਾਮਲੇ ਵਿੱਚ ਦਰਜ ਹੋਈ FIR ਵਿੱਚ ਬਲਜਿੰਦਰ ਸਿੰਘ ਦਾ ਨਾਂਅ ਤੱਕ ਨਹੀਂ ਹੈ। ਸਿਰਫ ਉਨ੍ਹਾਂ ਨੂੰ ਰਾਜਨੀਤਿਕ ਹਿੱਤਾਂ ਕਾਰਨ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਰਾਜਨੀਤਿਕ ਬਦਲ ਲੈਣ ਲਈ ਹੀ ਬਲਜਿੰਦਰ ਸਿੰਘ ਇਸ ਕੇਸ ਵਿੱਚ ਫਸਾਇਆ ਜਾ ਰਿਹਾ ਹੈ।
ਵਕੀਲ ਮਨਵੀਰ ਗਿੱਲ ਨੇ ਕਿਹਾ ਕਿ ਹਾਲੇ ਤੱਕ ਪੁਲਿਸ ਨੇ ਪਿਛਲੇ ਰਿਮਾਂਡ ਦੌਰਾਨ ਬਲਜਿੰਦਰ ਸਿੰਘ ਤੋਂ ਕੋਈ ਐਸਾ ਤੱਥ ਜਾਂ ਵਸਤੂ ਨਹੀਂ ਬਰਾਮਦ ਕੀਤੀ ਜੋ ਕਿ ਬਲਜਿੰਦਰ ਸਿੰਘ ਸ਼ਮੂਲੀਅਤ ਨੂੰ ਇਸ ਕੇਸ ਵਿੱਚ ਦਰਸਉਂਦੀ ਹੋਵੇ। ਵਕੀਲ ਨੇ ਕਿਹਾ ਕਿ ਪੰਜਾਬ ਖੇਤੀਬਾੜੀ ਯੂਨੀਵਰਿਸਟੀ ਨੇ ਖ਼ੁਦ ਅਜ਼ਮਾਇਸ਼ ਲਈ ਬੀਜ ਬਲਜਿੰਦਰ ਸਿੰਘ ਨੂੰ ਦਿੱਤਾ ਸੀ। ਉਨ੍ਹਾਂ ਕਿਹਾ ਇਹ ਬੀਜ਼ ਬਲਜਿੰਦਰ ਸਿੰਘ ਨੇ ਨਾ ਤਾਂ ਕਿਸੇ ਨੂੰ ਵੇਚਿਆ ਹੈ ਨਾ ਹੀ ਬੀਜ਼ ਨੂੰ ਵੇਚਣ ਦਾ ਕੋਈ ਸਬੂਤ ਜਾਂਚ ਟੀਮ ਪੇਸ਼ ਕਰ ਸਕੀ ਹੈ।