ਜਲੰਧਰ: ਭਾਰਤੀ ਜਨਤਾ ਪਾਰਟੀ ਨੂੰ ਅੱਜ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਪਿਛਲੇ ਲੰਮੇਂ ਸਮੇਂ ਤੋਂ ਬਿਮਾਰ ਚੱਲ ਰਹੇ ਭਾਜਪਾ ਦੇ ਸੀਨੀਅਰ ਆਗੂ ਸੁਨੀਲ ਜੋਤੀ ਦਾ ਦੇਹਾਂਤ ਹੋ ਗਿਆ। ਦੱਸ ਦਈਏ ਹਿਮਾਚਲ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਉਨ੍ਹਾਂ ਦੀ ਸਿਹਤ ਵਿਗੜੀ ਸੀ ਅਤੇ ਇਸ ਤੋਂ ਮਗਰੋਂ ਉਹ ਲਗਾਤਾਰ ਜਲੰਧਰ ਦੇ ਨਿਜੀ ਹਸਪਤਾਲ ਵਿੱਚ ਦਾਖਲ ਸਨ। ਪਰ ਅੱਜ ਦੁਪਹਿਰ ਉਨ੍ਹਾਂ ਨੇ ਹਸਪਤਾਲ ਵਿੱਚ ਹੀ ਆਖ਼ਰੀ ਸਾਹ ਲਏ। ਉਨ੍ਹਾਂ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਜਾ ਰਿਹਾ ਹੈ।
ਦਿਲ ਦੀ ਸਮੱਸਿਆ ਨਾਲ ਜੂਝ ਰਹੇ ਸਨ: ਦੱਸ ਦਈਏ ਹਿਮਾਚਲ ਵਿਧਾਨ ਸਭਾ ਚੋਣਾਂ ਦੌਰਾਨ ਉਨ੍ਹਾਂ ਦੀ ਸਿਹਤ ਵਿਗੜੀ ਸੀ ਅਤੇ ਉਸ ਸਮੇਂ ਡਾਕਟਰਾਂ ਨੇ ਕਿਹਾ ਕਿ ਸੁਨੀਲ ਜੋਤੀ ਨੂੰ ਦਿਲ ਦੀ ਸਮੱਸਿਆ ਹੈ। ਇਸ ਤੋਂ ਬਾਅਦ ਉਨ੍ਹਾਂ ਨੂੰ ਚੋਣ ਪ੍ਰਚਾਰ ਤੋਂ ਵਾਪਿਸ ਲਿਆਂਦਾ ਗਿਆ ਅਤੇ ਇਲਾਜ ਲਈ ਜਲੰਧਰ ਦੇ ਹਸਪਤਾਲ ਵਿੱਚ ਦਾਖਿਲ ਕਵਾਇਆ ਗਿਆ ਸੀ।
ਸਾਲ 2012 ਵਿੱਚ ਬਣੇ ਸਨ ਮੇਅਰ: ਮਰਹੂਮ ਸੁਨੀਲ ਜੋਤੀ ਸਾਲ 2012 ਵਿੱਚ ਜਲੰਧਰ ਦੇ ਮੇਅਰ ਬਣੇ ਸਨ ਅਤੇ ਉਦੋਂ ਸੁਨੀਲ ਜੋਤੀ ਸ਼ਹਿਰ ਦੇ ਵਾਰਡ ਤੋਂ ਜਿੱਤ ਕੇ ਨਗਰ ਨਿਗਮ ਹਾਊਸ ਪੁੱਜੇ ਸਨ। ਉਸ ਸਮੇਂ ਸੂਬੇ ਵਿੱਚ ਭਾਜਪਾ ਅਤੇ ਅਕਾਲੀ ਦਲ ਬਾਦਲ ਦਾ ਗਠਜੋੜ ਸੀ। ਅਕਾਲੀ ਦਲ ਦੇ ਕਮਲਜੀਤ ਸਿੰਘ ਭਾਟੀਆ ਨੂੰ ਸੀਨੀਅਰ ਡਿਪਟੀ ਮੇਅਰ ਬਣਾਇਆ ਗਿਆ। ਸੁਨੀਲ ਜੋਤੀ ਨੇ ਆਪਣਾ 5 ਸਾਲ ਦਾ ਕਾਰਜਕਾਲ ਸਫਲਤਾਪੂਰਵਕ ਪੂਰਾ ਕੀਤਾ ਸੀ।
ਸੀਨੀਅਰ ਆਗੂ ਦੀ ਮੌਤ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਵੱਲੋਂ ਜਲੰਧਰ ਵਿੱਚ ਚੱਲ ਰਹੀਆਂ ਪਾਰਟੀ ਦੀਆਂ ਗਤੀਵਿਧੀਆਂ ਨੂੰ ਲੈ ਕੇ ਬਾਅਦ ਦੁਪਹਿਰ 3 ਵਜੇ ਸਰਕਟ ਹਾਊਸ ਵਿਖੇ ਕਾਨਫਰੰਸ ਕੀਤੀ ਗਈ। ਪਰ ਇਸੇ ਦੌਰਾਨ ਇਹ ਦੁਖਦ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਪਾਰਟੀ ਨੇ ਕਾਨਫਰੰਸ ਦਾ ਪ੍ਰੋਗਰਾਮ ਮੁਲਤਵੀ ਕਰ ਦਿੱਤਾ ਹੈ। ਦੱਸ ਦਈਏ ਕਿ ਭਾਜਪਾ ਦੇ ਸੀਨੀਅਰ ਆਗੂ ਅਤੇ ਸ਼ਹਿਰ ਦੇ ਸਾਬਕਾ ਮੇਅਰ ਦੀ ਮੌਤ ਤੋਂ ਬਾਅਦ ਜਿੱਥੇ ਜਲੰਧਰ ਵਿੱਚ ਭਾਜਪਾ ਆਗੂਆਂ ਨੇ ਆਪਣੇ ਸਾਰੇ ਸਿਆਸੀ ਪ੍ਰੋਗਰਾਮ ਰੱਦ ਕਰ ਦਿੱਤੇ ਨੇ ਉੱਥੇ ਹੀ ਦੂਜੇ ਪਾਸੇ ਭਾਜਪਾ ਦੇ ਸੀਨੀਅਰ ਆਗੂਆਂ ਨੇ ਸੋਸ਼ਲ ਮੀਡੀਆ ਉੱਤੇ ਉਨ੍ਹਾਂ ਦੀ ਮੌਤ ਨੂੰ ਲੈਕੇ ਦੁੱਖ ਜਤਾਇਆ ਹੈ।
ਇਹ ਵੀ ਪੜ੍ਹੋ: Sikh Brothers in Pakistan : ਪਾਕਿਸਤਾਨ ਵਿੱਚ ਹੋਈ ਬੇਅਦਬੀ ਦਾ ਮਾਮਲਾ ਭਖਿਆ, ਸਿੱਖ ਜਥੇਬੰਦੀਆਂ ਨੇ ਕੀਤੀ ਨਿਖੇਧੀ