ਜਲੰਧਰ: ਪੰਜਾਬ ਵਿਧਾਨਸਭਾ ਚੋਣਾਂ ਵਿੱਚ ਕਰਾਰੀ ਹਾਰ ਤੋਂ ਬਾਅਦ ਕਾਂਗਰਸ ਪਾਰਟੀ ਵੱਲੋਂ ਪੰਜਾਬ ਦੇ ਸਾਬਕਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਬਦਲ ਕੇ ਅਮਰਿੰਦਰ ਸਿੰਘ ਰਾਜਾ ਵੜਿੰਗ (Congress President Raja Waring) ਨੂੰ ਪ੍ਰਧਾਨ ਬਣਾ ਦਿੱਤਾ ਗਿਆ। ਰਾਜਾ ਬੜਿੰਗ ਪ੍ਰਧਾਨ ਬਣਨ ਤੋਂ ਬਾਅਦ ਪੰਜਾਬ ਵਿੱਚ ਲਗਾਤਾਰ ਆਪਣੇ ਆਗੂਆਂ ਨਾਲ ਗੱਲਬਾਤ ਕਰ ਰਹੇ ਹਨ। ਇਸੇ ਦੇ ਚੱਲਦੇ ਉਹ ਜਲੰਧਰ ਪਹੁੰਚੇ ਜਿੱਥੇ ਉਨ੍ਹਾਂ ਨੇ ਜਲੰਧਰ ਦੇ ਕਾਂਗਰਸੀ ਆਗੂਆਂ ਨਾਲ ਮੁਲਾਕਾਤ ਕੀਤੀ।
ਇਸ ਦੌਰਾਨ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਇੱਕ ਮਹੀਨਾ ਪੂਰਾ ਹੋ ਗਿਆ ਹੈ ਅਤੇ ਹੁਣ ਤੱਕ ਉਨ੍ਹਾਂ ਨੇ ਆਪਣਾ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਸਰਕਾਰ ਵੱਲੋਂ ਜੋ 300 ਯੂਨਿਟਾਂ ਬਿਜਲੀ ਲੋਕਾਂ ਨੂੰ ਫ੍ਰੀ ਦੇਣ ਦੀ ਗੱਲ ਕੀਤੀ ਜਾ ਰਹੀ ਹੈ ਆਉਣ ਵਾਲਾ ਸਮਾਂ ਦੱਸੇਗਾ ਕਿ ਪੰਜਾਬ ਸਰਕਾਰ ਇਹ ਬਿਜਲੀ ਕਿਸ ਤਰ੍ਹਾਂ ਦੇ ਪਾਉਂਦੀ ਹੈ। ਉਨ੍ਹਾਂ ਨੇ ਇਸ ਗੱਲ ਦਾ ਖਦਸ਼ਾ ਜਤਾਇਆ ਹੈ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਵਿੱਚ ਉਹ ਬਿਜਲੀ ਮਹਿੰਗੀ ਹੋ ਜਾਏਗੀ ਜੋ ਕਾਂਗਰਸ ਸਰਕਾਰ ਨੇ ਆਪਣੇ ਰਾਜ ਵਿੱਚ ਸਸਤੀ ਕੀਤੀ ਸੀ।
ਭਗਤ ਸਿੰਘ ਦੇ ਬੁੱਤ ਲਗਾਉਣ ਬਾਰੇ ਉਨ੍ਹਾਂ ਨੇ ਕਿਹਾ ਕਿ ਸਰਕਾਰ ਦੱਸੇ ਭਗਤ ਸਿੰਘ ਦੇ ਬੁੱਤ ਕਿੱਥੇ ਕਿੱਥੇ ਲਗਾਏ ਗਏ ਹਨ ਜਦਕਿ ਹਾਲੇ ਤੱਕ ਸਰਕਾਰ ਵੱਲੋਂ ਇਸਦਾ ਦਾ ਕੋਈ ਆਰਡਰ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਭਗਤ ਸਿੰਘ ਦੇ ਸ਼ਹੀਦੀ ਦਿਵਸ ’ਤੇ ਛੁੱਟੀ ਦਾ ਐਲਾਨ ਕੀਤਾ ਹੈ ਇਸ ਗੱਲ ਨੂੰ ਉਹ ਗ਼ਲਤ ਨਹੀਂ ਕਹਿੰਦੇ ਪਰ ਜੇ ਅੱਜ ਭਗਤ ਸਿੰਘ ਖੁਦ ਜ਼ਿੰਦਾ ਹੁੰਦੇ ਤਾਂ ਸ਼ਾਇਦ ਉਹ ਕਹਿੰਦੇ ਕਿ ਅੱਜ ਦੇ ਦਿਨ ਸਾਨੂੰ ਦੋ ਘੰਟੇ ਕੰਮ ਹੋਰ ਕਰਨਾ ਚਾਹੀਦਾ ਹੈ।
ਉਨ੍ਹਾਂ ਨੇ ਪੰਜਾਬ ਸਰਕਾਰ ਉੱਤੇ ਹਮਲਾ ਕਰਦੇ ਹੋਏ ਕਿਹਾ ਕਿ ਇਕ ਮਹੀਨੇ ਵਿਚ ਪੰਜਾਬ ਅੰਦਰ 26 ਕਤਲ ਹੋਏ ਹਨ ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਜਲੰਧਰ ਵਿਖੇ ਅੱਜ ਹੀ ਗੋਲੀ ਚੱਲੀ ਹੈ ਜਿਸ ਵਿੱਚ ਇੱਕ ਵਿਅਕਤੀ ਜ਼ਖ਼ਮੀ ਹੋਇਆ ਹੈ। ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬਣਾਈ ਗਈ ਟਾਸਕ ਫੋਰਸ ’ਤੇ ਸਵਾਲੀਆ ਨਿਸ਼ਾਨ ਲਗਾਉਂਦੇ ਹੋਏ ਕਿਹਾ ਕਿ ਇਹੋ ਜਿਹੀ ਟਾਸਕ ਫੋਰਸ ਦਾ ਕੀ ਫ਼ਾਇਦਾ ਜੇ ਪੰਜਾਬ ਵਿੱਚ ਤਕਰੀਬਨ ਰੋਜ਼ ਕਿਸੇ ਨਾ ਕਿਸੇ ਦਾ ਕਤਲ ਹੋ ਰਿਹਾ ਹੈ।
ਉਧਰ ਨਵਜੋਤ ਸਿੰਘ ਸਿੱਧੂ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਦੀ ਮਨ ਦੀ ਗੱਲ ਨਵਜੋਤ ਸਿੰਘ ਸਿੱਧੂ ਖ਼ੁਦ ਜਾਣਦੇ ਹਨ ਅਤੇ ਜੇ ਨਵਜੋਤ ਸਿੰਘ ਸਿੱਧੂ ਦੇ ਮਨ ਵਿਚ ਕੋਈ ਗੱਲ ਹੈ ਵੀ ਤੇ ਉਹ ਖ਼ੁਦ ਇਸ ਨੂੰ ਠੀਕ ਕਰ ਲੈਣਗੇ।
ਇਹ ਵੀ ਪੜ੍ਹੋ: ਸੀਐੱਮ ਮਾਨ ਦਾ ਵੱਡਾ ਐਲਾਨ, ਪੰਜਾਬ ’ਚ ਬਿਜਲੀ ਮਿਲੇਗੀ ਮੁਫ਼ਤ