ਜਲੰਧਰ: ਸੂਬੇ ’ਚ ਵਿਧਾਇਕਾਂ ਦੇ ਮੁੰਡਿਆਂ ਨੂੰ ਨੌਕਰੀ ਦੇਣ ਦਾ ਮਾਮਲਾ ਕਾਫੀ ਗਰਮਾਇਆ ਹੋਇਆ ਹੈ, ਇਸ ਮਸਲੇ ਨੂੰ ਲੈ ਕੇ ਲਗਾਤਾਰ ਵਿਰੋਧੀ ਪਾਰਟੀਆਂ ਵੱਲੋਂ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉੱਥੇ ਹੀ ਹੁਣ ਪੰਜਾਬ ਸਰਕਾਰ ਦੇ ਆਪਣੇ ਹੀ ਵਿਧਾਇਕ ਇਸ ਵਿਰੋਧ ਚ ਆ ਗਏ ਹਨ।
ਦੱਸ ਦਈਏ ਕਿ ਜਲੰਧਰ ਛਾਉਣੀ ਤੋਂ ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ । ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਜੋ ਦੋ ਵਿਧਾਇਕਾਂ ਦੇ ਮੁੰਡਿਆਂ ਨੂੰ ਨੌਕਰੀ ਦਿੱਤੀ ਗਈ ਹੈ ਉਹ ਸਰਾਸਰ ਗਲਤ ਹੈ। ਇਸ ਦੌਰਾਨ ਉਨ੍ਹਾਂ ਨੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਤੋਂ ਸਵਾਲ ਕੀਤਾ ਕਿ ਸੂਬੇ ਚ ਅਜਿਹੇ ਬਹੁਤ ਸਾਰੇ ਅਜਿਹੇ ਬੱਚੇ ਹਨ ਜਿਨ੍ਹਾਂ ਦੇ ਘਰਦਿਆਂ ਨੇ ਅਤੇ ਮਾਪਿਆਂ ਨੇ ਦੇਸ਼ ਲਈ ਸ਼ਹਾਦਤ ਦਿੱਤੀ ਹੈ ਅਤੇ ਉਹ ਅਜੇ ਵੀ ਨੌਕਰੀ ਖਾਤਿਰ ਸਰਕਾਰੀ ਦਫਤਰਾਂ ਦੇ ਚੱਕਰ ਕੱਟ ਰਹੇ ਹਨ। ਦੂਜੇ ਪਾਸੇ ਕੈਪਟਨ ਸਾਬ੍ਹ ਵਿਧਾਇਕਾ ਦੇ ਮੁੰਡਿਆ ਨੂੰ ਕਿਸ ਆਧਾਰ ’ਤੇ ਨੌਕਰੀ ਦੇ ਰਹੇ ਹਨ।
ਨਾਲ ਹੀ ਵਿਧਾਇਕ ਪਰਗਟ ਸਿੰਘ ਨੇ ਇਹ ਵੀ ਕਿਹਾ ਕਿ ਕਿਸਾਨ ਬਾਰਡਰ ’ਤੇ ਬੈਠੇ ਹਨ ਅਤੇ ਉਨ੍ਹਾਂ ਵਿੱਚੋਂ ਕਈ ਕਿਸਾਨਾਂ ਦੀ ਸੰਘਰਸ਼ ਦੌਰਾਨ ਮੌਤ ਵੀ ਹੋ ਚੁੱਕੀ ਹੈ। ਇਨ੍ਹਾਂ ਪਰਿਵਾਰਾਂ ਵਿੱਚ ਵੀ ਬਹੁਤ ਸਾਰੇ ਲੋਕ ਲੋੜਵੰਦ ਹਨ ਪਰ ਕੈਪਟਨ ਸਾਬ੍ਹ ਸਿਰਫ਼ ਆਪਣੇ ਵਿਧਾਇਕਾ ਨੂੰ ਖ਼ੁਸ਼ ਕਰਨ ਲਈ ਲੱਗੇ ਹੋਏ ਹਨ ਤਾਂ ਕਿ ਉਨ੍ਹਾਂ ਦਾ ਧੜਾ ਕਮਜ਼ੋਰ ਨਾ ਹੋ ਜਾਵੇ। ਉਨ੍ਹਾਂ ਨੇ ਕਿਹਾ ਕਿ ਕੈਬਨਿਟ ਦੀ ਮੀਟਿੰਗ ਦੌਰਾਨ ਕਈ ਮੰਤਰੀਆਂ ਸਣੇ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਇਸ ਚੀਜ਼ ਦਾ ਵਿਰੋਧ ਵੀ ਕੀਤਾ ਸੀ ਪਰ ਕੈਪਟਨ ਸਾਹਿਬ ਨੇ ਆਪਣੀ ਮਰਜ਼ੀ ਕਰਦੇ ਹੋਏ ਲੋੜਵੰਦ ਲੋਕਾਂ ਨੂੰ ਦਰ ਕਿਨਾਰ ਕਰਦੇ ਹੋਏ ਇਹ ਨੌਕਰੀਆਂ ਦਿੱਤੀਆਂ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਹੈ ਕਿ ਉਹ ਆਪਣੇ ਇਸ ਫ਼ੈਸਲੇ ਨੂੰ ਵਾਪਸ ਲੈਣ ਤਾਂ ਕਿ ਸੂਬੇ ’ਚ ਕਾਂਗਰਸ ਸਰਕਾਰ ਦੀ ਇੱਜਤ ਬਣੀ ਰਹੇ।
ਇਹ ਵੀ ਪੜੋ: ਕੁਲਜੀਤ ਸਿੰਘ ਨਾਗਰਾ ਨੇ ਦਿਖਾਏ ਆਪਣੇ ਹੀ ਸਰਕਾਰ ਨੂੰ ਤਿੱਖੇ ਤੇਵਰ