ਜਲੰਧਰ: ਕਾਂਗਰਸੀ ਆਗੂ ਦੀਪਕ ਸ਼ਰਮਾ ਸਮੇਤ ਉਸ ਦੇ ਪਰਿਵਾਰਕ ਮੈਂਬਰਾਂ ਦੀ ਕੋਰੋਨਾ ਰਿਪੋਰਟ ਪੌਜ਼ੀਟਿਵ ਆਉਣ ਤੋਂ ਬਾਅਦ ਉਨ੍ਹਾਂ ਦੇ ਸੰਪਰਕ 'ਚ ਰਹੇ ਜਲੰਧਰ ਨੌਰਥ ਦੇ ਵਿਧਾਇਕ ਅਵਤਾਰ ਸਿੰਘ ਜੂਨੀਅਰ ਬਾਵਾ ਹੈਨਰੀ ਦੇ ਕੋਰੋਨਾ ਟੈਸਟ ਲਈ ਸੈਂਪਲ ਲੈ ਕੇ ਜਾਂਚ ਸਈ ਭੇਜੇ ਗਏ ਹਨ। ਬਾਵਾ ਹੈਨਰੀ ਸਮੇਤ ਉਨ੍ਹਾਂ ਦੇ ਪਰਿਵਾਰ 'ਚੋਂ ਕੁੱਲ 6 ਮੈਂਬਰਾਂ ਦੇ ਕੋਰੋਨਾ ਜਾਂਚ ਲਈ ਸੈਂਪਲ ਲਏ ਗਏ ਹਨ।
ਦੱਸਣਯੋਗ ਹੈ ਕਿ ਕੋਰੋਨਾ ਵਾਇਰਸ ਕਾਰਨ ਪ੍ਰਵੀਨ ਸ਼ਰਮਾ ਦੀ ਮੌਤ ਹੋਣ ਤੋਂ ਬਾਅਦ ਉਸ ਦੇ ਬੇਟੇ ਦੀਪਕ ਸ਼ਰਮਾ ਸਮੇਤ 3 ਮੈਂਬਰਾਂ ਦੀ ਰਿਪੋਰਟ ਬੀਤੇ ਦਿਨ ਹੀ ਪੌਜ਼ੀਟਿਵ ਪਾਈ ਗਈ ਹੈ, ਜਿਨ੍ਹਾਂ ਦਾ ਇਲਾਜ ਸਿਵਲ ਹਸਪਤਾਲ 'ਚ ਕੀਤਾ ਜਾ ਰਿਹਾ ਹੈ। ਦੀਪਕ ਸ਼ਰਮਾ ਬਾਵਾ ਹੈਨਰੀ ਦਾ ਨਜ਼ਦੀਕੀ ਮੰਨਿਆ ਜਾਂਦਾ ਹੈ, ਜਿਸ ਕਰਕੇ ਬਾਵਾ ਹੈਨਰੀ ਸਮੇਤ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਕੋਰੋਨਾ ਟੈਸਟ ਲਈ ਸੈਂਪਲ ਲਏ ਗਏ ਹਨ।
ਪ੍ਰਵੀਨ ਕੁਮਾਰ ਦੀ ਮੌਤ ਤੋਂ ਬਾਅਦ ਸਾਬਕਾ ਮੰਤਰੀ ਅਵਤਾਰ ਹੈਨਰੀ ਅਤੇ ਬਾਵਾ ਹੈਨਰੀ ਨੇ ਆਪਣੇ ਆਪ ਨੂੰ ਪਰਿਵਾਰ ਸਮੇਤ ਕੁਆਰੰਟੀਨ ਕੀਤਾ ਹੋਇਆ ਹੈ। ਇਸ ਦੀ ਜਾਣਕਾਰੀ ਅਵਤਾਰ ਹੈਨਰੀ ਵੱਲੋਂ ਫੇਸਬੁੱਕ 'ਤੇ ਪੋਸਟ ਪਾ ਕੇ ਦਿੱਤੀ ਗਈ ਸੀ।