ਜਲੰਧਰ: ਜਲੰਧਰ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਵਿਦੇਸ਼ ਦੌਰੇ ਉੱਤੇ ਗਏ ਮੁੱਖ ਮੰਤਰੀ ਭਗਵੰਤ ਮਾਨ ਨੂੰ ਫਰੈਂਕਫਰਟ ਏਅਰਪੋਰਟ (Chief Minister Bhagwant Hon went on a foreign tour)ਵਿਖੇ ਲੁਫਥਾਂਸਾ ਦੀ ਫਲਾਈਟ ਵਿੱਚੋਂ ਸਹੀ ਹਾਲਤ ਵਿੱਚ ਨਾ ਹੋਣ ਕਾਰਨ ਜਹਾਜ਼ ਵਿੱਚ ਸਵਾਰ ਨਹੀਂ ਹੋਣ ਦਿੱਤਾ ਗਿਆ ਅਤੇ ਹੋਰ ਫਲਾਈਟ ਲੈਣ ਲਈ ਆਖਰੀ ਸਮੇਂ ਵਿੱਚ ਫਰੈਂਕਫਰਟ ਤੋਂ ਵਾਪਸੀ ਦੀ ਯਾਤਰਾ ਦਾ ਸਮਾਂ ਬਦਲ ਦਿੱਤਾ ਗਿਆ। ਉਨ੍ਹਾਂ ਕਿਹਾ ਜੇਕਰ ਸੀਐੱਮ ਭਗਵੰਤ ਮਾਨ ਨੂੰ ਸਹੀ ਹਾਲਤ ਵਿੱਚ ਨਾ ਹੋਣ ਕਾਰਨ ਸੁਚਮੱਚ ਜਹਾਜ਼ ਵਿੱਚ ਬੈਠਣ ਤੋਂ ਰੋਕਿਆ ਗਿਆ ਹੈ ਤਾਂ ਇਹ ਪੂਰੇ ਦੇਸ਼ ਅਤੇ ਪੰਜਾਬ ਲਈ ਨਮੋਸ਼ੀ ਦੀ ਗੱਲ ਹੈ।
ਮੁੱਖ ਮੰਤਰੀ ਮਾਨ 7 ਤੋਂ 8 ਮਹੀਨਿਆਂ ਦੇ ਮਹਿਮਾਨ: ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਲੁਫਥਾਂਸਾ ਫਲਾਈਟ ਮਾਮਲੇ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਹੁਣ ਮਹਿਜ਼ 7 ਤੋਂ 8 ਮਹੀਨਿਆਂ ਦੀ ਮਹੀਨਿਆਂ ਦੇ ਮਹਿਮਾਨ ਹਨ ਅਤੇ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਚੀਮਾ ਨੂੰ ਪੰਜਾਬ ਦਾ ਅਗਲਾ ਮੁੱਖ ਮੰਤਰੀ ਬਣਾਉਣ ਜਾ ਰਹੇ ਹਨ।ਬਾਜਵਾ ਨੇ ਅੱਗੇ ਕਿਹਾ ਕਿ ਹੁਣ ਦੇਖਣਾ ਹੋਵੇਗਾ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਭਗਵੰਤ ਮਾਨ ਖ਼ਿਲਾਫ਼ ਕੋਈ ਯੋਗ ਕਾਰਵਾਈ ਕਰਦੇ ਹਨ ਜਾਂ ਨਹੀਂ। ਬਾਜਵਾ ਨੇ ਇਹ ਵੀ ਕਿਹਾ ਫਰੈਂਕਫਰਟ ਵਿਖੇ ਹੋਏ ਮਾਮਲੇ ਵਿੱਚ ਜੇਕਰ ਭਗਵੰਤ ਮਾਨ ਕਸੂਰਵਾਰ ਪਾਏ ਜਾਂਦੇ ਹਨ ਤਾਂ ਉਨ੍ਹਾਂ ਨੂੰ ਖੁੱਦ ਹੀ ਆਪਣੇ ਉਹਦੇ ਤੋਂ ਨੈਤਿਕਤਾ ਦੇ ਅਧਾਰ ਉੱਤੇ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।
ਸੁਖਬੀਰ ਬਾਦਲ ਨੇ ਕੇਜਰੀਵਾਲ ਤੋਂ ਮੰਗਿਆ ਜਵਾਬ: ਸੁਖਬੀਰ ਬਾਦਲ ਨੇ ਟਵੀਟ ਕਰਦਿਆਂ ਲਿਖਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੁਫਥਾਂਸਾ ਦੀ ਫਲਾਈਟ ਤੋਂ ਇਸ ਲਈ ਉਤਾਰਿਆ ਗਿਆ ਕਿਉਂਕਿ ਉਹ ਤੁਰਨ ਦੀ ਹਾਲਤ ਵਿੱਚ ਨਹੀਂ ਸਨ ਅਤੇ ਬਹੁਤ ਜ਼ਿਆਦਾ ਸ਼ਰਾਬੀ ਹੋਣ ਕਾਰਨ ਯਾਤਰੀਆਂ ਨੂੰ ਪਰੇਸ਼ਾਨ ਵੀ ਕਰ ਰਹੇ ਸਨ। ਨਾਲ ਹੀ ਉਨ੍ਹਾਂ ਕਿਹਾ ਕਿ ਭਗਵੰਤ ਮਾਨ ਦੀ ਫਲਾਈਟ ਇਸ ਘਟਨਾਕ੍ਰਮ ਦੌਰਾਨ 4 ਘੰਟੇ ਲੇਟ ਹੋਈ ਅਤੇ ਉਹ 'ਆਪ' ਦੀ ਕੌਮੀ ਕਨਵੈਨਸ਼ਨ ਤੋਂ ਖੁੰਝ ਗਏ। ਸੁਖਬੀਰ ਬਾਦਲ ਨੇ ਕਿਹਾ ਕਿ ਇਨ੍ਹਾਂ ਸਾਰੀਆਂ ਰਿਪੋਰਟਾਂ ਨੇ ਦੁਨੀਆਂ ਭਰ ਦੇ ਪੰਜਾਬੀਆਂ ਨੂੰ ਸ਼ਰਮਸਾਰ ਕੀਤਾ ਹੈ।
ਸੁਖਬੀਰ ਸਿੰਘ ਬਾਦਲ ਨੇ ਅੱਗੇ ਕਿਹਾ ਕਿ ਉਹ ਇਸ ਮਾਮਲੇ ਉੱਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਚੁੱਪੀ ਤੋਂ ਹੈਰਾਨ ਹਨ। ਉਨ੍ਹਾਂ ਕਿਹਾ ਕਿ ਇਸ ਮੁੱਦੇ ਉੱਤੇ 'ਆਪ' ਨੂੰ ਸਫਾਈ ਦੀ ਲੋੜ ਹੈ। ਸੁਖਬੀਰ ਬਾਦਲ ਨੇ ਇਹ ਵੀ ਕਿਹਾ ਕਿ ਪੂਰੇ ਮਾਮਲੇ ਉੱਤੇ ਭਾਰਤ ਸਰਕਾਰ ਨੂੰ ਕਦਮ ਚੁੱਕਣੇ ਚਾਹੀਦੇ ਹਨ ਕਿਉਂਕਿ ਇਸ ਵਿੱਚ ਪੰਜਾਬੀ ਅਤੇ ਰਾਸ਼ਟਰੀ ਸਵੈਮਾਣ ਸ਼ਾਮਲ ਹੈ। ਜੇਕਰ ਉਸ ਨੂੰ ਉਤਾਰਿਆ ਗਿਆ ਸੀ, ਤਾਂ ਭਾਰਤ ਸਰਕਾਰ ਨੂੰ ਆਪਣੇ ਜਰਮਨ ਹਮਰੁਤਬਾ ਕੋਲ ਇਹ ਮੁੱਦਾ ਚੁੱਕਣਾ ਚਾਹੀਦਾ ਹੈ।
'ਆਪ' ਦਾ ਜਵਾਬ: ਪੂਰੇ ਮਾਮਲੇ ਉੱਤੇ 'ਆਪ' ਦੇ ਬੁਲਾਰੇ ਮਾਲਵਿੰਦਰ ਕੰਗ ਨੇ ਕਿਹਾ ਕਿ ਸਾਰੇ ਇਲਜ਼ਾਮ ਬੇਬੁਨਿਆਦ ਹਨ ਅਤੇ ਵਿਰੋਧੀ ਨਿਰੀ ਬਕਵਾਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਵਿਰੋਧੀ ਇਹ ਸਾਰੀਆਂ ਕੋਝੀਆਂ ਚਾਲਾ ਮੁੱਖ ਮੰਤਰੀ ਪੰਜਾਬ ਦੇ ਅਕਸ ਨੂੰ ਬਦਨਾਮ ਕਰਨ ਲਈ ਚੱਲ ਰਹੇ ਹਨ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਪੁਰਾਣੀ ਪੈਨਸ਼ਨ ਪ੍ਰਣਾਲੀ ਨੂੰ ਬਹਾਲ ਕਰਨ ਦੀ ਤਿਆਰੀ ਵਿੱਚ ਮਾਨ ਸਰਕਾਰ