ਜਲੰਧਰ: ਜ਼ਿਲ੍ਹੇ ਦੇ ਸੀ ਟੀ ਇੰਸਟੀਚਿਊਟ ਵਿੱਚ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਪੇਪਰ ਦੇਣ ਆਏ ਸਿੱਖ ਵਿਦਿਆਰਥੀਆਂ ਕੋਲੋਂ ਉਨ੍ਹਾਂ ਦੇ ਕੜੇ ਲੁਹਾ ਲਏ ਗਏ। ਕੜੇ ਲਹਾਉਣ ਬਾਰੇ ਜਦੋਂ ਬੱਚਿਆਂ ਨੇ ਆਪਣੇ ਮਾਪਿਆਂ ਨੂੰ ਦੱਸਿਆ ਤਾਂ ਮਾਪੇ ਤੁਰੰਤ ਸਿੱਖ ਜਥੇਬੰਦੀਆਂ ਨੂੰ ਲੈ ਕੇ ਇੰਸਟੀਚਿਊਟ ਪਹੁੰਚੇ ਜਿੱਥੇ ਸਿੱਖ ਵਿਦਿਆਰਥੀਆਂ ਦੇ ਹੱਥਾਂ ਤੋਂ ਕੜੇ ਲਹਾਉਣ ਨੂੰ ਲੈਕੇ ਕਾਫੀ ਹੰਗਾਮਾ ਹੋਇਆ।
ਇੰਸਟੀਚਿਊਟ ਵਿੱਚ ਸਿੱਖ ਵਿਦਿਆਰਥੀਆਂ ਦੇ ਹੱਥਾਂ ਵਿੱਚੋਂ ਕੜਾ ਲਹਾਉਣ ਦੀ ਖ਼ਬਰ ’ਤੇ ਹੋਏ ਹੰਗਾਮੇ ਨੂੰ ਦੇਖਦੇ ਹੋਏ ਤੁਰੰਤ ਪੁਲਿਸ ਵੀ ਮੌਕੇ ’ਤੇ ਪਹੁੰਚੀ। ਪੁਲਿਸ ਨੇ ਇਸ ਦੌਰਾਨ ਕਾਰਵਾਈ ਕਰਦੇ ਹੋਏ ਮੈਨੇਜਮੈਂਟ ਦੇ ਤਿੰਨ ਲੋਕਾਂ ਨੂੰ ਆਪਣੇ ਨਾਲ ਥਾਣੇ ਲਿਆਂਦਾ। ਇਸ ਘਟਨਾ ਬਾਰੇ ਦੱਸਦੇ ਹੋਏ ਜਲੰਧਰ ਦੇ ਏਸੀਪੀ ਬਬਨ ਦੀਪ ਸਿੰਘ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਸੀ ਟੀ ਇੰਸਟੀਚਿਊਟ ਵਿਖੇ ਪੇਪਰ ਦੇਣ ਮੌਕੇ ਸਿੱਖ ਵਿਦਿਆਰਥੀਆਂ ਦੇ ਹੱਥਾਂ ਵਿੱਚੋਂ ਕੜੇ ਲਹਾਏ ਗਈ ਹਨ ਜਿਸ ਤੋਂ ਬਾਅਦ ਸਿੱਖ ਜਥੇਬੰਦੀਆਂ ਵਿੱਚ ਇਸ ਦਾ ਕਾਫੀ ਰੋਸ ਪਾਇਆ ਜਾ ਰਿਹਾ ਹੈ। ਪੁਲਿਸ ਅਫ਼ਸਰ ਨੇ ਦੱਸਿਆ ਕਿ ਫਿਲਹਾਲ ਇਸ ਮਾਮਲੇ ਵਿੱਚ ਪੂਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਿਸ ਕਿਸੇ ਦਾ ਵੀ ਕਸੂਰ ਹੋਵੇਗਾ ਉਸ ’ਤੇ ਬਣਦੀ ਕਾਰਵਾਈ ਕੀਤੀ ਜਾਏਗੀ।
ਜ਼ਿਕਰਯੋਗ ਹੈ ਕਿ ਅਜੇ ਦੋ ਦਿਨ ਪਹਿਲਾਂ ਹੀ ਇਸ ਤਰੀਕੇ ਦੀ ਘਟਨਾ ਬਠਿੰਡਾ ਵਿਖੇ ਵਾਪਰੀ ਸੀ ਜਿੱਥੇ ਇੱਕ ਸਿੱਖ ਵਿਦਿਆਰਥੀ ਦੇ ਹੱਥ ’ਚੋਂ ਪੇਪਰ ਦੌਰਾਨ ਕੜਾ ਲਾਹ ਲਿਆ ਗਿਆ ਸੀ ਜਿਸ ਦਾ ਨੋਟਿਸ ਖੁਦ ਐੱਸਜੀਪੀਸੀ ਦੇ ਜਥੇਦਾਰ ਅਤੇ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਲਿਆ ਸੀ। ਇੰਨ੍ਹਾਂ ਸਿੱਖ ਆਗੂਆਂ ਵੱਲੋਂ ਪੰਜਾਬ ਸਰਕਾਰ ਤੋਂ ਮੁਲਜ਼ਮਾਂ ਖਿਲਾਫ ਬਣਦੀ ਕਾਰਵਾਈ ਦੀ ਮੰਗ ਕੀਤੀ ਗਈ ਸੀ ਪਰ ਇਸ ਵਿਚਾਲੇ ਅਜਿਹੀ ਹੀ ਇੱਕ ਹੋਰ ਘਟਨਾ ਜਲੰਧਰ ਵਿਖੇ ਵਾਪਰੀ ਹੈ।
ਇਹ ਵੀ ਪੜ੍ਹੋ: ਅਮਰੀਕਾ 'ਚ ਸਿੱਖ ਫੌਜੀਆਂ ਨੂੰ ਕਰਨਾ ਪੈ ਰਿਹਾ ਸੰਘਰਸ਼, ਅਦਾਲਤ ਦਾ ਲੈਣਾ ਪੈ ਰਿਹਾ ਸਹਾਰਾ