ਜਲੰਧਰ: ਪੂਰੇ ਦੇਸ਼ ਵਿੱਚ ਆਜ਼ਾਦੀ ਦਿਹਾੜੇ ਨੂੰ ਲੈ ਕੇ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਵਾਰ ਜਲੰਧਰ ਵਿੱਚ ਆਜ਼ਾਦੀ ਦਿਹਾੜੇ ਮੌਕੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿੱਚ ਝੰਡਾ ਲਹਿਰਾ ਕੇ ਆਜ਼ਾਦੀ ਦੇ ਸਮਾਰੋਹ ਵਿੱਚ ਹਿੱਸਾ ਲੈਣਗੇ।
ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿੱਚ ਹੋ ਰਹੀ ਸ਼ਾਨਦਾਰ ਪਰੇਡ ਅਤੇ ਬੱਚਿਆਂ ਵੱਲੋਂ ਕੀਤੇ ਜਾ ਰਹੇ ਰੰਗਾ-ਰੰਗ ਪ੍ਰੋਗਰਾਮ ਦੇ ਨਾਲ ਵੱਖ-ਵੱਖ ਪ੍ਰਦਰਸ਼ਨੀਆਂ ਦੇ ਨਜ਼ਾਰੇ ਪੇਸ਼ ਕਰ ਰਹੇ ਹਨ ਜਿਸ ਤੋਂ ਇਸ ਗੱਲ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਜਲੰਧਰ ਵਾਸੀ ਆਜ਼ਾਦੀ ਦਿਹਾੜੇ ਨੂੰ ਕਿੰਨੀ ਧੂਮਧਾਮ ਨਾਲ ਮਨਾਉਣ ਜਾ ਰਹੇ ਹਨ।
ਜਲੰਧਰ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿੱਚ ਭਲਕੇ ਆਜ਼ਾਦੀ ਦਿਹਾੜੇ ਦੇ ਮੌਕੇ 'ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹੁੰਚ ਰਹੇ ਹਨ। ਉਨ੍ਹਾਂ ਵੱਲੋਂ ਝੰਡਾ ਫਹਿਰਾਉਣ ਦੀ ਰਸਮ ਦੇ ਨਾਲ ਪਰੇਡ ਦੀ ਸਲਾਮੀ ਵੀ ਲਈ ਜਾਵੇਗੀ ਅਤੇ ਸਮਾਰੋਹ 'ਤੇ ਆਏ ਹੋਏ ਲੋਕਾਂ ਨੂੰ ਸੰਬੋਧਨ ਕਰਨ ਦੇ ਨਾਲ ਨਾਲ ਚੰਗੀ ਕਾਰਗੁਜ਼ਾਰੀ ਕਰਨ ਵਾਲੇ ਲੋਕਾਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਜਲੰਧਰ ਵਿੱਚ ਇਸ ਵਾਰ ਇਸ ਸਮਾਰੋਹ ਵਿੱਚ ਹੋਣ ਵਾਲੀ ਪਰੇਡ ਵਿੱਚ 22 ਟੁਕੜੀਆਂ ਹਿੱਸਾ ਲੈ ਰਹੀਆਂ ਹਨ ਅਤੇ ਸਕੂਲਾਂ ਅਤੇ ਕਾਲਜਾਂ ਦੇ ਕਰੀਬ 2500 ਬੱਚੇ ਇਸ ਰੰਗਾ-ਰੰਗ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ। ਭਲਕੇ ਹੋਣ ਵਾਲੇ ਇਸ ਸਮਾਰੋਹ ਅਤੇ ਪਰੇਡ ਦੀ ਬੁੱਧਵਾਰ ਨੂੰ ਜਲੰਧਰ ਵਿਖੇ ਫੁੱਲ ਡਰੈੱਸ ਰਿਹਰਸਲ ਹੋਈ ਜਿਸ ਵਿੱਚ ਜਲੰਧਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਅਤੇ ਜਲੰਧਰ ਦੇ ਡੀ.ਸੀ. ਵਰਿੰਦਰ ਕੁਮਾਰ ਸ਼ਰਮਾ ਨੇ ਪਰੇਡ ਦੀ ਸਲਾਮੀ ਲੈਂਦੇ ਹੋਏ ਇਸ ਪੂਰੇ ਕਰਕੇ ਵਿੱਚ ਹਿੱਸਾ ਲਿਆ।
ਆਜ਼ਾਦੀ ਦਿਹਾੜੇ ਦੇ ਸਮਾਰੋਹ ਲਈ ਜਲੰਧਰ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜਗ੍ਹਾ-ਜਗ੍ਹਾ 'ਤੇ ਪੁਲਿਸ ਦੀਆਂ ਟੁਕੜੀਆਂ ਤਾਇਨਾਤ ਕੀਤੀਆਂ ਗਈਆਂ ਹਨ ਅਤੇ ਆਮ ਲੋਕਾਂ ਨੂੰ ਇਸ ਦਿਹਾੜੇ 'ਤੇ ਕਿਸੇ ਵੀ ਤਰੀਕੇ ਦੀ ਕੋਈ ਪ੍ਰੇਸ਼ਾਨੀ ਨਾ ਹੋਵੇ ਇਸ ਲਈ ਕਈ ਰੂਟ ਵੀ ਬਦਲੇ ਗਏ ਹਨ।