ਜਲੰਧਰ : ਜਲੰਧਰ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਸ਼ੋਭਾ ਯਾਤਰਾ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨ ਤੋਂ ਪਹਿਲਾਂ ਆਪਣੇ ਵਿਚਾਰ ਸਾਂਝੇ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਦੀ ਪਾਵਨ ਬਾਣੀ ਸਮੁੱਚੀ ਮਨੁੱਖਤਾ ਲਈ ਚਾਨਣ ਮੁਨਾਰਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਨੇ ਵਿਸ਼ਵ ਨੂੰ ਮਨੁੱਖਤਾ ਦਾ ਮਾਰਗ ਦਿਖਾਇਆ। ਭਗਵੰਤ ਮਾਨ ਨੇ ਕਿਹਾ ਕਿ ਇਹ ਬਾਣੀ ਸਮਾਜ ਨੂੰ ਦਰਪੇਸ਼ ਸਮੱਸਿਆਵਾਂ ਤੋਂ ਮੁਕਤੀ ਦਿਵਾਉਣ ਵਿਚ ਅਹਿਮ ਭੂਮਿਕਾ ਅਦਾ ਕਰ ਸਕਦੀ ਹੈ।
ਅਤਿ ਆਧੁਨਿਕ ਬੁਨਿਆਦੀ ਢਾਂਚੇ ਅਤੇ ਮਨੁੱਖੀ ਵਸੀਲਿਆਂ ਨਾਲ ਲੈਸ ਹੋਣਗੇ ਸੂਬੇ ਦੇ ਸਕੂਲ : ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਦੇ ਦਿਖਾਏ ਰਸਤੇ ‘ਤੇ ਚੱਲਦਿਆਂ ਸੂਬਾ ਸਰਕਾਰ ਬਰਾਬਰੀ ਵਾਲੇ ਸਮਾਜ ਦੀ ਸਿਰਜਣਾ ਲਈ ਅਣਥੱਕ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਅਤੇ ਬਾਬਾ ਸਾਹਿਬ ਡਾ. ਬੀਆਰ ਅੰਬੇਡਕਰ ਜੀ ਵੱਲੋਂ ਦਰਸਾਏ ਬਰਾਬਰੀ ਦੇ ਮਾਰਗ ਅਨੁਸਾਰ ਸੂਬਾ ਸਰਕਾਰ ਸਿੱਖਿਆ ਅਤੇ ਸਿਹਤ ਖੇਤਰਾਂ ਨੂੰ ਪ੍ਰਮੁੱਖ ਤਰਜ਼ੀਹ ਦੇ ਰਹੀ ਹੈ। ਭਗਵੰਤ ਮਾਨ ਨੇ ਕਿਹਾ ਕਿ ਸੂਬੇ ਦੇ ਸਕੂਲਾਂ ਨੂੰ ਅਤਿ ਆਧੁਨਿਕ ਬੁਨਿਆਦੀ ਢਾਂਚੇ ਅਤੇ ਮਨੁੱਖੀ ਵਸੀਲਿਆਂ ਨਾਲ ਲੈਸ ਕੀਤਾ ਜਾ ਰਿਹਾ ਹੈ, ਤਾਂ ਜੋ ਸਮਾਜ ਦੇ ਕਮਜ਼ੋਰ ਅਤੇ ਪਛੜੇ ਵਰਗਾਂ ਦੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦਿੱਤੀ ਜਾ ਸਕੇ।
ਇਹ ਵੀ ਪੜ੍ਹੋ : ਜਿਸਮ ਫਿਰੋਸ਼ੀ ਦੇ ਧੰਦੇ ਦਾ ਪਰਦਾਫਾਸ਼, ਤਿੰਨ ਹੋਟਲਾਂ ਤੋਂ 13 ਲੜਕੀਆਂ ਅਤੇ 5 ਲੜਕੇ ਗ੍ਰਿਫਤਾਰ, ਹੋਟਲ ਦੇ ਮੈਨੇਜਰ ਅਤੇ ਮਾਲਿਕਾਂ 'ਤੇ ਵੀ ਪਰਚਾ ਦਰਜ
ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਦਰਸਾਏ ਮਾਰਗ ‘ਤੇ ਚੱਲਣ ਦੀ ਅਪੀਲ : ਮਾਨ ਨੇ ਇਸ ਪਵਿੱਤਰ ਮੌਕੇ ‘ਤੇ ਲੋਕਾਂ ਨੂੰ ਵਧਾਈ ਦਿੰਦਿਆਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਦਰਸਾਏ ਮਾਰਗ ‘ਤੇ ਚੱਲਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਦਾ ਜੀਵਨ ਅਤੇ ਸਿੱਖਿਆਵਾਂ ਮਨੁੱਖਤਾ ਨੂੰ ਬਰਾਬਰਤਾ ਵਾਲੇ ਸਮਾਜ ਵੱਲ ਸੇਧ ਦਿੰਦੀਆਂ ਹਨ। ਭਗਵੰਤ ਮਾਨ ਨੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ–ਇੱਕ ਮਹਾਨ ਅਧਿਆਤਮਿਕ ਦੂਤ ਅਤੇ ਸਮਾਜ ਦੇ ਗਰੀਬ ਤੇ ਬੇਸਹਾਰਾ ਤਬਕਿਆਂ ਦੇ ਮਸੀਹਾ, ਨੇ ਸਾਨੂੰ ਨੇਕ ਜੀਵਨ ਜਿਊਣ ਦਾ ਉਪਦੇਸ਼ ਦਿੱਤਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜਾਤ-ਪਾਤ, ਨਸਲ, ਰੰਗ, ਧਰਮ ਦੇ ਭੇਦਭਾਵ ਤੋਂ ਉਪਰ ਉਠ ਕੇ ਸਮੂਹਿਕ ਤੌਰ ‘ਤੇ ਗੁਰੂ ਜੀ ਦਾ ਪ੍ਰਕਾਸ਼ ਉਤਸਵ ਮਨਾਉਣ। ਭਗਵੰਤ ਮਾਨ ਨੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੇ ਨਿਮਰਤਾ ਅਤੇ ਮਾਨਵੀ ਸਨਮਾਨ ਦੀ ਭਾਵਨਾ ਨੂੰ ਮੂਰਤੀਮਾਨ ਕੀਤਾ।
ਇਹ ਵੀ ਪੜ੍ਹੋ : AAP MLA: ਵਿਅਕਤੀ ਨੇ 'ਆਪ' ਵਿਧਾਇਕ 'ਤੇ ਗੁੰਡਿਆਂ ਨੂੰ ਸ਼ਹਿ ਦੇਣ ਦੇ ਲਾਏ ਇਲਜ਼ਾਮ, 'ਆਪ' ਵਿਧਾਇਕ ਨੇ ਇਲਜ਼ਾਮ ਨਕਾਰੇ
ਸ੍ਰੀ ਗੁਰੂ ਰਵਿਦਾਸ ਜੀ ਦਾ ਮਹਾਨ ਸੰਦੇਸ਼ ਸਦੀਆਂ ਤੋਂ ਸਮੁੱਚੇ ਸਮਾਜ ਲਈ ਗਿਆਨ ਦਾ ਸਰੋਤ ਰਿਹਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਜੀਵਨ ਅਤੇ ਸਿੱਖਿਆਵਾਂ ਸਾਨੂੰ ਹਮੇਸ਼ਾ ਅਜਿਹੇ ਮਾਨਵਤਾ ਭਰਪੂਰ ਸਮਾਜ ਦੀ ਸਿਰਜਣਾ ਕਰਨ ਲਈ ਪ੍ਰੇਰਿਤ ਕਰਦੀਆਂ ਰਹਿਣਗੀਆਂ ਜਿਥੇ ਹਰੇਕ ਵਿਅਕਤੀ ਨੂੰ ਉਸ ਦੀ ਜਾਤ, ਨਸਲ, ਧਰਮ ਜਾਂ ਲਿੰਗ ਦੀ ਪਰਵਾਹ ਕੀਤੇ ਬਿਨਾਂ ਬਣਦਾ ਮਾਣ-ਸਨਮਾਨ ਦਿੱਤਾ ਜਾਂਦਾ ਹੈ। ਭਗਵੰਤ ਮਾਨ ਨੇ ਅੱਗੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਵੱਲੋਂ ਦਿੱਤਾ ਗਿਆ ਪਿਆਰ, ਦਇਆ ਅਤੇ ਬਰਾਬਰੀ ਦਾ ਸੰਦੇਸ਼ ਆਉਣ ਵਾਲੇ ਸਮੇਂ ਵਿੱਚ ਵੀ ਸਾਨੂੰ ਸਮਰਪਣ ਅਤੇ ਸ਼ਰਧਾ ਨਾਲ ਮਨੁੱਖਤਾ ਦੀ ਸੇਵਾ ਕਰਨ ਲਈ ਪ੍ਰੇਰਿਤ ਕਰਦਾ ਰਹੇਗਾ।
ਇਹ ਵੀ ਪੜ੍ਹੋ : Biofertilizer Laboratory ਸ਼ੁਰੂ ਕਰਨ ਵਾਲਾ ਭਾਰਤ ਦਾ ਪਹਿਲਾ ਰਾਜ ਬਣਿਆ ਪੰਜਾਬ'
ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਲਈ ਇਹ ਮਾਣ ਵਾਲੀ ਗੱਲ ਹੈ ਕਿ ਉਹ ਮਹਾਨ ਗੁਰੂਆਂ, ਸ਼ਹੀਦਾਂ, ਸੰਤਾਂ ਅਤੇ ਪੀਰਾਂ ਨਾਲ ਸਬੰਧਤ ਵੱਖ-ਵੱਖ ਸਮਾਗਮਾਂ ਵਿੱਚ ਸ਼ਮੂਲੀਅਤ ਕਰਦੇ ਹਨ। ਹਾਲਾਂਕਿ, ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਦੇਖ ਕੇ ਹੈਰਾਨੀ ਹੋਈ ਹੈ ਕਿ ਅਜਿਹੀਆਂ ਜ਼ਿਆਦਾਤਰ ਥਾਵਾਂ ‘ਤੇ ਉਨ੍ਹਾਂ ਦਾ ਇਹ ਕਹਿ ਕੇ ਸਵਾਗਤ ਕੀਤਾ ਜਾਂਦਾ ਹੈ ਕਿ ਉਹ ਇਸ ਸਮਾਗਮ ਦਾ ਹਿੱਸਾ ਬਣਨ ਵਾਲੇ ਪਹਿਲੇ ਮੁੱਖ ਮੰਤਰੀ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਆਗੂਆਂ ਕੋਲ ਅਜਿਹੇ ਸਮਾਗਮਾਂ ਵਿੱਚ ਸ਼ਾਮਲ ਹੋਣ ਦਾ ਸਮਾਂ ਵੀ ਨਹੀਂ ਸੀ, ਉਨ੍ਹਾਂ ਨੂੰ ਹੁਣ ਲੋਕਾਂ ਨੇ ਬਾਹਰ ਦਾ ਰਾਹ ਵਿਖਾ ਦਿੱਤਾ।
ਇਸ ਤੋਂ ਪਹਿਲਾਂ ਵਿਧਾਇਕ ਸ਼ੀਤਲ ਅੰਗੁਰਾਲ ਨੇ ਮੁੱਖ ਮੰਤਰੀ ਦਾ ਸਵਾਗਤ ਕੀਤਾ। ਸਮਾਗਮ ਦੌਰਾਨ ਸ਼ੋਭਾ ਯਾਤਰਾ ਦੇ ਪ੍ਰਬੰਧਕਾਂ ਵੱਲੋਂ ਮੁੱਖ ਮੰਤਰੀ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਵਿਧਾਇਕ ਸ਼ੀਤਲ ਅੰਗੁਰਾਲ, ਬਲਕਾਰ ਸਿੰਘ, ਰਮਨ ਅਰੋੜਾ ਤੇ ਇੰਦਰਜੀਤ ਕੌਰ ਮਾਨ, ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ, ਪੁਲਿਸ ਕਮਿਸ਼ਨਰ ਕੁਲਦੀਪ ਚਾਹਲ ਤੇ ਹੋਰ ਵੀ ਹਾਜ਼ਰ ਸਨ।