ਜਲੰਧਰ: ਸ਼ਹਿਰ ਦੇ ਗੁਰਾਇਆ ਇਲਾਕੇ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਪੁਲਿਸ ਨੇ ਜੰਮੂ ਕਸ਼ਮੀਰ ਦੀਆਂ ਦੋ ਸਰਕਾਰੀ ਬੱਸਾਂ ਦੇ ਡਰਾਈਵਰਾਂ ਤੇ ਕੰਡਕਟਰਾਂ ਨੂੰ ਨਸ਼ੀਲੇ ਪਦਾਰਥ ਤੇ ਨਕਦੀ ਸਣੇ ਗ੍ਰਿਫ਼ਤਾਰ ਕੀਤਾ ਹੈ।
ਦਰਅਸਲ, ਜੰਮੂ ਕਸ਼ਮੀਰ ਦੀਆਂ ਦੋ ਸਰਕਾਰੀ ਬੱਸਾਂ ਖਾਲੀ ਜੰਮੂ ਕਸ਼ਮੀਰ ਤੋਂ ਦਿੱਲੀ ਵੱਲ ਜਾ ਰਹੀਆਂ ਸਨ ਜਿਨ੍ਹਾਂ ਨੂੰ ਪੁਲਿਸ ਨੂੰ ਰੋਕ ਕੇ ਤਲਾਸ਼ੀ ਲਈ। ਬੱਸਾਂ ਵਿੱਚ ਸਵਾਰੀਆਂ ਨਹੀਂ ਸਨ ਜਦੋਂ ਇਨ੍ਹਾਂ ਬੱਸਾਂ ਦੀ ਤਲਾਸ਼ੀ ਲਈ ਗਈ ਤੇ ਇਨ੍ਹਾਂ 'ਚੋਂ 90 ਕਿਲੋ ਚੂਰਾ ਪੋਸਤ ਤੇ 7 ਲੱਖ 53 ਹਜ਼ਾਰ 8 ਸੌ ਰੁਪਏ ਨਕਦੀ ਬਰਾਮਦ ਕੀਤੇ ਗਏ।
ਇਸ ਤੋਂ ਬਾਅਦ ਪੁਲਿਸ ਨੇ ਤੁਰੰਤ ਬੱਸਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਡਰਾਈਵਰਾਂ ਤੇ ਕੰਡਕਟਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਦੀ ਪਛਾਣ ਤਾਰਿਕ ਅਹਿਮਦ, ਗੁਲਾਮ ਮੋਹੇਦੀਨ ,ਮੁੰਹਮਦ ਮਕਬੂਲ ਅਤੇ ਤਲਵੀਰ ਯੂਸੁਫ਼ ਵਜੋਂ ਹੋਈ ਹੈ। ਪੁਲਿਸ ਨੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।