ਜਲੰਧਰ: ਕੋਰੋਨਾ ਵਾਇਰਸ ਕਾਰਨ ਪੰਜਾਬ ਵਿੱਚ ਪੂਰੀ ਤਰ੍ਹਾਂ ਕਰਫਿਊ ਲੱਗਿਆ ਹੋਇਆ ਹੈ। ਹੁਣ ਤੱਕ ਇਸ ਲਾਗ ਦੀ ਬਿਮਾਰੀ ਕਾਰਨ 8 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਜਦੋਂ ਕਿ 76 ਦੇ ਕਰੀਬ ਵਿਅਕਤੀ ਕੋਰੋਨਾ ਵਾਇਰਸ ਤੋਂ ਪੀੜਤ ਹਨ। ਪੰਜਾਬ ਸਰਕਾਰ ਦੇ ਅੰਕੜਿਆਂ ਮੁਤਾਬਕ ਕੋਰੋਨਾ ਵਾਇਰਸ ਦੇ ਸ਼ੱਕੀ 4784 ਵਿਅਕਤੀਆਂ ਨੂੰ ਘਰ ਵਿੱਚ ਅਤੇ 439 ਨੂੰ ਹਸਪਤਾਲ ਵਿੱਚ ਕੁਆਰੰਟੀਨ ਕੀਤਾ ਗਿਆ ਹੈ।
ਕੋਵਿਡ-19 ਨੂੰ ਲੈ ਕੇ 4 ਮਰੀਜ਼ਾਂ ਦਾ ਇਲਾਜ ਕੀਤਾ ਗਿਆ ਹੈ। ਨਵਾਂ ਸ਼ਹਿਰ ਦੇ ਬਲਦੇਵ ਸਿੰਘ ਦੀ ਮੌਤ ਮਗਰੋਂ ਉਸ ਦੇ ਪੁੱਤਰ ਫਤਿਹ ਸਿੰਘ ਨੂੰ ਵੀ ਕੋਰੋਨਾ ਪੌਜ਼ੀਟਿਵ ਪਾਇਆ ਗਿਆ ਸੀ। 20 ਮਾਰਚ ਨੂੰ ਕੋਰੋਨਾ ਪੌਜ਼ੀਟਿਵ ਆਉਣ ਮਗਰੋਂ ਫਤਿਹ ਸਿੰਘ ਨੂੰ ਨਵਾਂ ਸ਼ਹਿਰ ਦੇ ਸਰਕਾਰੀ ਹਸਪਤਾਲ ਵਿੱਚ ਹੀ ਆਈਸੋਲੇਸ਼ਨ ਵਾਰਡ ਵਿੱਚ ਰੱਖਿਆ ਗਿਆ ਸੀ ਪਰ 4 ਅਤੇ 5 ਅਪ੍ਰੈਲ ਨੂੰ ਆਈਆਂ ਰਿਪੋਰਟਾਂ ਵਿੱਚ ਫਤਿਹ ਸਿੰਘ ਨੂੰ ਕੋਰੋਨਾ ਨੈਗੇਟਿਵ ਪਾਇਆ ਗਿਆ ਹੈ।
ਫਤਿਹ ਸਿੰਘ ਨੂੰ ਆਈਸੋਲੇਸ਼ਨ ਵਾਰਡ ਤੋਂ ਬਾਹਰ ਸ਼ਿਫ਼ਟ ਕਰ ਦਿੱਤਾ ਗਿਆ ਹੈ ਅਤੇ ਡਾਕਟਰਾਂ ਮੁਤਾਬਕ ਉਸ ਨੂੰ ਜਲਦੀ ਹੀ ਡਿਸਚਾਰਜ ਕਰ ਦਿੱਤਾ ਜਾਵੇਗਾ।
ਦੱਸ ਦੇਈਏ ਕਿ ਪੰਜਾਬ ਵਿੱਚ ਸਭ ਤੋਂ ਪਹਿਲੀ ਮੌਤ ਨਵਾਂ ਸ਼ਹਿਰ ਦੇ ਪਠਲਾਵਾ ਪਿੰਡ ਵਾਸੀ ਬਲਦੇਵ ਸਿੰਘ ਦੀ ਹੋਈ ਸੀ। ਜਿਸ ਮਗਰੋਂ ਉਸ ਦੇ ਪਰਿਵਾਰ ਦੇ ਕਈ ਮੈਂਬਰਾਂ ਵਿੱਚ ਵੀ ਕੋਰੋਨਾ ਵਾਇਰਸ ਦੇ ਲੱਛਣ ਪਾਏ ਗਏ ਸੀ।