ਜਲੰਧਰ: ਐਸਐਮਓ ਡਾ. ਕਮਲ ਪਾਲ ਸਿੱਧੂ ਵੱਲੋਂ ਮਾੜੀ ਸ਼ਬਦਾਵਲੀ ਦੀ ਵਰਤੋਂ ਅਤੇ ਧਮਕਾਏ ਜਾਣ ਨੂੰ ਲੈ ਕੇ ਮੰਗਲਵਾਰ ਨੂੰ ਆਸ਼ਾ ਵਰਕਰਾਂ ਨੇ ਸਿਵਲ ਹਸਪਤਾਲ ਕਾਲਾ ਬੱਕਰਾ ਵਿਖੇ ਧਰਨਾ ਪ੍ਰਦਰਸ਼ਨ ਕੀਤਾ ਅਤੇ ਐਸਐਮਓ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਆਸ਼ਾ ਵਰਕਰ ਸਰਕਲ ਕਾਲਾ ਬੱਕਰਾ ਦੀ ਪ੍ਰਧਾਨ ਕਵਿਤਾ ਨੇ ਦੱਸਿਆ ਕਿ ਪਿੰਡ ਰਾਣੀ ਭੱਟੀ ਵਿਖੇ ਕੋਵਿਡ-19 ਸਬੰਧੀ ਟੈਸਟ ਸੈਂਪਲਿੰਗ ਕੈਂਪ ਲਗਾਇਆ ਸੀ। ਉਸ ਵਿੱਚ ਆਸ ਪਾਸ ਦੇ ਪਿੰਡਾਂ ਦੇ ਲੋਕਾਂ ਨੂੰ ਕੋਰੋਨਾ ਟੈਸਟ ਕਰਾਉਣ ਲਈ ਇਕੱਤਰ ਕੀਤਾ ਗਿਆ ਸੀ। ਇਸ ਕੈਂਪ ਵਿੱਚ ਸਿਵਲ ਹਸਪਤਾਲ ਕਾਲਾ ਬੱਕਰਾ ਦੇ ਐਸਐਮਓ ਡਾ. ਕਮਲ ਪਾਲ ਸਿੱਧੂ ਵੀ ਪਹੁੰਚੇ ਅਤੇ ਉਨ੍ਹਾਂ ਨੇ ਲੋਕਾਂ ਸਾਹਮਣੇ ਆਸ਼ਾ ਵਰਕਰਾਂ ਨੂੰ ਬੇਇੱਜ਼ਤ ਕੀਤਾ ਅਤੇ ਉਨ੍ਹਾਂ ਖ਼ਿਲਾਫ਼ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ।
ਕਵਿਤਾ ਨੇ ਦੱਸਿਆ ਕਿ ਐਸਐਮਓ ਵੱਲੋਂ ਉਨ੍ਹਾਂ ਨੂੰ ਧਮਕਾਇਆ ਵੀ ਗਿਆ ਅਤੇ ਇਹ ਵੀ ਕਿਹਾ ਗਿਆ ਕਿ ਤੁਸੀਂ ਆਪ ਪ੍ਰਸ਼ਾਦ ਦੇ ਰੂਪ ਵਿੱਚ ਲੋਕਾਂ ਨੂੰ ਕੋਰੋਨਾ ਵੰਡ ਰਹੇ ਹੋ।
ਪ੍ਰਦਰਸ਼ਨ ਕਰ ਰਹੀਆਂ ਆਸ਼ਾ ਵਰਕਰਾਂ ਨੇ ਕਿਹਾ ਕਿ ਇਹ ਅਪਮਾਨ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਲੌਕਡਾਊਨ ਦੌਰਾਨ ਉਨ੍ਹਾਂ ਆਪਣੀ ਜਾਨ 'ਤੇ ਖੇਡ ਕੇ ਰਿਪੋਰਟਾਂ ਇਕੱਤਰ ਕਰਕੇ ਸਰਕਾਰ ਨੂੰ ਦਿੱਤੀਆਂ ਹਨ। ਇਸ ਦੇ ਬਾਵਜੂਦ ਉਨ੍ਹਾਂ ਦਾ ਸਨਮਾਨ ਕਰਨ ਦੀ ਥਾਂ ਉਨ੍ਹਾਂ ਨੂੰ ਬੇਇੱਜ਼ਤ ਕੀਤਾ ਜਾ ਰਿਹਾ ਹੈ।