ਜਲੰਧਰ: ਆਮ ਆਦਮੀ ਪਾਰਟੀ ਦੇ ਸੰਯੋਜਕ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜਕੱਲ੍ਹ ਆਪਣੇ ਪੰਜਾਬ ਦੌਰੇ 'ਤੇ ਹਨ। ਦੌਰੇ ਤਹਿਤ ਹੀ ਅਰਵਿੰਦ ਕੇਜਰੀਵਾਲ ਨੇ ਸਾਰਾ ਦਿਨ ਜਲੰਧਰ ਦੇ ਅਲੱਗ ਅਲੱਗ ਵਿਧਾਨ ਸਭਾ ਹਲਕਿਆਂ ਵਿੱਚ ਆਪਣੇ ਉਮੀਦਵਾਰਾਂ ਦੇ ਹੱਕ ਵਿੱਚ ਪ੍ਰਚਾਰ ਕੀਤਾ।
ਇਸ ਦੌਰਾਨ ਅਰਵਿੰਦ ਕੇਜਰੀਵਾਲ ਜਲੰਧਰ ਦੇ ਫਿਲੌਰ ਹਲਕੇ ਅਤੇ ਆਦਮਪੁਰ ਵਿਧਾਨ ਸਭਾ ਹਲਕੇ ਵਿਖੇ ਗਏ। ਅਰਵਿੰਦ ਕੇਜਰੀਵਾਲ ਨੇ ਆਪਣੇ ਕਾਰਜਕਰਤਾਵਾਂ ਨੂੰ ਸੰਬੋਧਿਤ ਕਰਦੇ ਹੋਏ, ਕਾਂਗਰਸ ਅਤੇ ਅਕਾਲੀ ਦਲ 'ਤੇ ਵਾਰ ਕਰਦਿਆਂ ਕਿਹਾ ਕਿ ਪੰਜਾਬ ਨੂੰ ਅਜਿਹੀ ਪਾਰਟੀਆਂ ਦੀ ਲੋੜ ਨਹੀਂ, ਜਿਸ ਦੇ ਵਿਧਾਇਕ ਨਸ਼ਾ ਵੇਚਦੇ ਹੋਣ ਜਾਂ ਫਿਰ ਰੇਤਾ ਦਾ ਵਪਾਰ ਕਰਦੇ ਹੋਣ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦੇ ਲੋਕ ਇਨ੍ਹਾਂ ਰਵਾਇਤੀ ਪਾਰਟੀਆਂ ਨੂੰ ਕਈ ਵਾਰ ਮੌਕਾ ਦੇ ਚੁੱਕੇ ਹਨ, ਜਿਸ ਦੇ ਬਦਲੇ ਇਨ੍ਹਾਂ ਲੋਕਾਂ ਨੇ ਸਿਰਫ ਪੰਜਾਬ ਨੂੰ ਲੁੱਟਿਆ ਹੈ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਿੱਚ ਉਨ੍ਹਾਂ ਦੀ ਸਰਕਾਰ ਤੀਸਰੀ ਵਾਰ ਇਸੇ ਲਈ ਬਣੀ ਹੈ, ਕਿਉਂਕਿ ਉਨ੍ਹਾਂ ਨੇ ਦਿੱਲੀ ਵਿੱਚ ਕੰਮ ਕਰਕੇ ਦਿਖਾਇਆ ਹੈ। ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਜਿੱਥੇ ਇਨ੍ਹਾਂ ਰਵਾਇਤੀ ਪਾਰਟੀਆਂ ਨੂੰ ਏਨੀ ਵਾਰ ਮੌਕਾ ਦਿੱਤਾ ਹੈ, ਉੱਥੇ ਇੱਕ ਵਾਰ ਉਨ੍ਹਾਂ ਦੀ ਅਤੇ ਭਗਵੰਤ ਮਾਨ ਦੀ ਜੋੜੀ ਨੂੰ ਵੀ ਮੌਕਾ ਜਰੂਰ ਦੇਣ।
ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੇ ਨੌਜਵਾਨ ਪੰਜਾਬ ਨੂੰ ਛੱਡ ਕੇ ਵਿਦੇਸ਼ਾਂ ਵਿੱਚ ਵੱਸ ਰਹੇ ਹਨ, ਇਸ ਦੇ ਦੂਸਰੇ ਪਾਸੇ ਪੰਜਾਬ ਦੀਆਂ ਸੜਕਾਂ ਦੇ ਨਾਲ-ਨਾਲ ਪੰਜਾਬ ਦੇ ਹਾਲਾਤ ਬਹੁਤ ਬੁਰੇ ਹੋ ਗਏ ਹਨ। ਉਨ੍ਹਾਂ ਕਿਹਾ ਕਿ ਜੇ ਪੰਜਾਬ ਵਿੱਚ ਉਨ੍ਹਾਂ ਦੀ ਸਰਕਾਰ ਆਉਂਦੀ ਹੈ ਤਾਂ ਐਸਾ ਪੰਜਾਬ ਬਣਾਇਆ ਜਾਵੇਗਾ, ਜਿਸ ਵਿੱਚ ਪੰਜਾਬ ਦੇ ਨੌਜਵਾਨ ਵਿਦੇਸ਼ਾਂ ਵਿੱਚ ਜਾਣ ਦੀ ਜਗ੍ਹਾ ਨੌਜਵਾਨ ਉਥੋਂ ਵਾਪਸ ਆਉਣਾ ਸ਼ੁਰੂ ਹੋ ਜਾਣਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਪੰਜਾਬ ਨੂੰ ਅੱਜ ਇੱਕ ਇਮਾਨਦਾਰ ਲੀਡਰ ਅਤੇ ਇਮਾਨਦਾਰ ਪਾਰਟੀ ਦੀ ਲੋੜ ਹੈ।
ਇਸ ਤੋਂ ਇਲਾਵਾ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਜੇਕਰ ਸਾਡੀ ਸਰਕਾਰ ਆਉਂਦੀ ਹੈ ਤਾਂ ਕਿਸੇ ਵੀ ਵਿਅਕਤੀ ਨਾਲ ਬੇਇਨਸ਼ਾਫ਼ੀ ਨਹੀ ਹੋਵੇਗੀ, ਜੇਕਰ ਸਾਡੇ ਕਿਸੇ ਵਿਧਾਇਕ ਨੇ ਪੁਲਿਸ ਸਟੇਸ਼ਨ ਵਿੱਚ ਕਿਸੇ ਗਲਤ ਬੰਦੇ ਦੀ ਹਾਮੀ ਭਰੀ ਤਾਂ ਉਸ 'ਤੇ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਅਧਿਆਪਕਾਂ ਨੂੰ ਬਣਦਾ ਮਾਨ ਸਨਮਾਨ ਦਿੱਤਾ ਜਾਵੇਗਾ।
ਇਹ ਵੀ ਪੜੋ:- ਨਵਾਂਸ਼ਹਿਰ 'ਚ 8 ਫਰਵਰੀ ਨੂੰ ਮਾਇਆਵਤੀ ਚੋਣ ਰੈਲੀ ਨੂੰ ਕਰਨਗੇ ਸੰਬੋਧਨ