ਜਲੰਧਰ: ਇੱਥੋਂ ਦੇ ਥਾਣਾ ਨੰਬਰ ਤਿੰਨ ਦੀ ਪੁਲਿਸ ਨੇ 8 ਨਸ਼ੀਲੇ ਇੰਜੈਕਸ਼ਨ ਅਤੇ 8 ਏਟੀਐਮ ਕਾਰਡ ਸਮੇਤ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਜਲੰਧਰ ਦੇ ਏਡੀਸੀਪੀ ਜਗਜੀਤ ਸਿੰਘ ਸਰੋਆ ਨੇ ਦੱਸਿਆ ਕਿ ਉਨ੍ਹਾਂ ਨੂੰ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸੀ ਕਿ ਜਲੰਧਰ ਵਿੱਚ ਇੱਕ ਗੈਂਗ ਬਜ਼ੁਰਗ ਮਹਿਲਾਵਾਂ, ਪੁਰਸ਼ਾਂ ਅਤੇ ਭੋਲੇ ਭਾਲੇ ਲੋਕਾਂ ਦੇ ਖਾਤਿਆਂ ਵਿੱਚੋਂ ਲੱਖਾਂ ਰੁਪਏ ਕਢਵਾ ਚੁੱਕਿਆ ਹੈ। ਉਨ੍ਹਾਂ ਦੱਸਿਆ ਕਿ ਜਦ ਕੋਈ ਬਜ਼ੁਰਗ ਮਹਿਲਾ ਪੁਰਸ਼ ਜਾਂ ਹੋਰ ਵਿਅਕਤੀ ਏਟੀਐਮ ਵਿੱਚੋਂ ਪੈਸੇ ਕਢਵਾਉਣ ਜਾਂਦਾ ਸੀ ਤਾਂ ਇਹ ਲੋਕ ਉਨ੍ਹਾਂ ਦੀ ਮਦਦ ਕਰਨ ਦੇ ਬਹਾਨੇ ਉਨ੍ਹਾਂ ਦਾ ਏਟੀਐਮ ਪਿੰਨ ਯਾਦ ਕਰ ਉਨ੍ਹਾਂ ਨਾਲ ਆਪਣਾ ਏਟੀਐਮ ਬਦਲ ਲੈਂਦੇ ਸੀ। ਇਸ ਤੋਂ ਬਾਅਦ ਇਹ ਉਨ੍ਹਾਂ ਦੇ ਖਾਤਿਆਂ ਵਿੱਚੋਂ ਪੈਸੇ ਕਢਵਾਉਂਦੇ ਰਹਿੰਦੇ ਸੀ।
ਏਡੀਸੀਪੀ ਨੇ ਦੱਸਿਆ ਕਿ ਅੱਜ ਜਦੋਂ ਥਾਣਾ ਨੰ 3 ਦੇ ਏਐੱਸਆਈ ਸੱਤਪਾਲ ਸਿੰਘ ਨੇ ਪੁਲਿਸ ਪਾਰਟੀ ਸਮੇਤ ਦਮੋਰੀਆ ਪੁਲ ਲਾਗੇ ਨਾਕਾ ਲਗਾ ਕੇ ਖੜ੍ਹੇ ਸੀ। ਉੱਥੇ ਉਨ੍ਹਾਂ ਨੇ ਇੱਕ ਵਿਅਕਤੀ ਜਿਸ ਦਾ ਨਾਂਅ ਰਾਜ ਕੁਮਾਰ ਹੈ ਅਤੇ ਉਹ ਜਲੰਧਰ ਦੇ ਓਂਕਾਰ ਨਗਰ ਦਾ ਰਹਿਣ ਵਾਲਾ ਹੈ ਉਸ ਨੂੰ ਸ਼ੱਕ ਦੇ ਆਧਾਰ ਉੱਤੇ ਰੋਕਿਆ ਅਤੇ ਉਸ ਦੀ ਤਲਾਸ਼ੀ ਲਈ। ਤਲਾਸ਼ੀ ਲੈਣ ਉੱਤੇ ਉਸ ਦੇ ਕੋਲੋਂ 8 ਨਸ਼ੀਲੇ ਇੰਜੈਕਸ਼ਨ ਅਤੇ 8 ਏਟੀਐਮ ਕਾਰਡ ਬਰਾਮਦ ਹੋਏ।
ਇਹ ਵੀ ਪੜ੍ਹੋ:ਸੁਣੋ ਭਾਜਪਾ ਵਿੱਚੋਂ ਬਾਹਰ ਕੱਢੇ ਜਾਣ 'ਤੇ ਕੀ ਬੋਲੇ ਅਨਿਲ ਜੋਸ਼ੀ
ਫਿਲਹਾਲ ਆਰੋਪੀ ਦੇ ਅਲੱਗ ਅਲੱਗ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਜਿਸ ਵੇਲੇ ਇਸ ਨੂੰ ਰੋਕਿਆ ਗਿਆ ਸੀ ਇਸ ਦਾ ਇਕ ਸਾਥੀ ਮੌਕੇ ਤੋਂ ਫ਼ਰਾਰ ਹੋ ਗਿਆ ਸੀ ਉਸ ਦੀ ਵੀ ਭਾਲ ਕੀਤੀ ਜਾ ਰਹੀ ਹੈ।