ਜਲੰਧਰ: ਜ਼ਿਮਨੀ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਨੇ ਆਪਣਾ ਸਾਂਝਾ ਉਮੀਦਵਾਰ ਸੁਖਵਿੰਦਰ ਸਿੰਘ ਸੁੱਖੀ ਨੂੰ ਐਲਾਨ ਦਿੱਤਾ ਹੈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ-ਬਸਪਾ ਨੇ ਪੂਰੀ ਸਹਿਮਤੀ ਨਾਲ ਸੁਖਵਿੰਦਰ ਸਿੰਘ ਸੁੱਖੀ ਨੂੰ ਮੈਦਾਨ ਵਿੱਚ ਉਤਾਰਿਆ ਹੈ। ਇਸ ਮੌਕੇ ਉਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਨਿਸ਼ਾਨੇ ਉੱਤੇ ਲੈਂਦਿਆਂ ਕਿਹਾ ਕਿ ਪੰਜਾਬੀਆਂ ਨੇ ਪਿਛਲੇ ਇੱਕ ਸਾਲ ਵਿੱਚ ਹੁਣ ਤੱਕ ਦੀ ਸਭ ਤੋਂ ਨਕੰਮੀ ਸਰਕਾਰ ਨੂੰ ਰਾਜ ਕਰਦਿਆਂ ਵੇਖਿਆ ਹੈ ਅਤੇ ਹੁਣ ਲੋਕ ਬਦਲ ਚਾਹੁੰਦੇ ਨੇ।
ਗਠਜੋੜ ਦੇ ਉਮੀਦਵਾਰ ਬਣੇ ਸੁਖਵਿੰਦਰ ਸਿੰਘ ਸੁੱਖੀ: ਇਸ ਮੌਕੇ ਉੱਤੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਜਲੰਧਰ ਜ਼ਿਮਨੀ ਚੋਣ ਲਈ ਗਠਜੋੜ ਦੇ ਉਮੀਦਵਾਰ ਬਣੇ ਸੁਖਵਿੰਦਰ ਸਿੰਘ ਸੁੱਖੀ ਦੇ ਵੱਲੋਂ ਕਿਹਾ ਗਿਆ ਕਿ ਜੋ ਜ਼ਿੰਮੇਵਾਰੀ ਇਹਨਾਂ ਨੂੰ ਪਾਰਟੀ ਦੇ ਵੱਲੋਂ ਸੌਂਪੀ ਗਈ ਹੈ ਉਹ ਇਸ ਨੂੰ ਪੂਰੀ ਜ਼ਿੰਮੇਵਾਰੀ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਜਲੰਧਰ ਦੀ ਇਹ ਸੀਟ ਜਿੱਤ ਕੇ ਉਹ ਗਠਜੋੜ ਦੀ ਝੋਲੀ ਦੇ ਵਿੱਚ ਪਾਉਣਗੇ । ਸੁਖਵਿੰਦਰ ਸਿੰਘ ਸੁੱਖੀ ਨੇ ਕਿਹਾ ਕਿ ਉਹ ਜਲੰਧਰ ਹਲਕੇ ਤੋਂ ਦੋ ਵਾਰ ਵਿਧਾਇਕ ਰਹੇ ਨੇ ਅਤੇ ਉਨ੍ਹਾਂ ਦੇ ਕੰਮਾਂ ਬਾਰੇ ਜਲੰਧਰ ਦੇ ਲੋਕ ਚੰਗੀ ਤਰ੍ਹਾਂ ਜਾਣਦੇ ਨੇ ਇਸ ਲਈ ਵੋਟ ਪਾਉਣ ਸਮੇਂ ਜਲੰਧਰ ਵਾਸੀ ਗਠਜੋੜ ਦੇ ਹੱਕ ਵਿੱਚ ਭੁਗਤਣਗੇ। ਇਸ ਤੋਂ ਇਾਲਾਵਾ ਬਾਕੀ ਪਾਰਟੀਆਂ ਵੱਲੋਂ ਵੀ ਜਲੰਧਰ ਜ਼ਿਮਨੀ ਚੋਣ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਕਾਂਗਰਸ ਵੱਲੋਂ ਕਰਮਜੀਤ ਕੌਰ ਚੌਧਰੀ ਨੂੰ ਉਮੀਦਵਾਰ ਬਣਾਇਆ ਗਿਆ ਹੈ, ਆਮ ਆਦਮੀ ਪਾਰਟੀ ਵੱਲੋਂ ਸੁਸ਼ੀਲ ਕੁਮਾਰ ਰਿੰਕੂ ਨੂੰ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਗੁਰਜੰਟ ਸਿੰਘ ਕੱਟੂ ਨੂੰ ਅਤੇ ਹੁਣ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਗੱਠਜੋੜ ਦੇ ਵੱਲੋਂ ਡਾਕਟਰ ਸੁਖਵਿੰਦਰ ਸਿੰਘ ਸੁੱਖੀ ਨੂੰ ਉਮੀਦਵਾਰ ਐਲਾਨਿਆ ਗਿਆ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਰਹੀ ਭਾਜਪਾ ਕਿਸ ਨੂੰ ਉਮੀਦਵਾਰ ਐਲਾਨ ਦੀ ਹੈ।
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਵੀ ਐਲਾਨਿਆ ਉਮੀਦਵਾਰ: ਇਸ ਤੋਂ ਪਹਿਲਾਂ ਬਠਿੰਡਾ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਜਲੰਧਰ ਜ਼ਿਮਨੀ ਚੋਣ ਲਈ ਆਪਣੇ ਉਮੀਦਵਾਰ ਦਾ ਨਾਂਅ ਐਲਾਨ ਦਿੱਤਾ ਹੈ। ਲੋਕ ਸਭਾ ਸਾਂਸਦ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਗੁਰਜੰਟ ਸਿੰਘ ਕੱਟੂ ਜ਼ਿਮਨੀ ਚੋਣਾਂ ਵਿੱਚ ਉਨ੍ਹਾਂ ਦੇ ਉਮੀਦਵਾਰ ਹੋਣਗੇ। ਉਨ੍ਹਾਂ ਕਿਹਾ ਕਿ ਸਾਰੇ ਪਾਰਟੀ ਵਰਕਰ ਗੁਰਜੰਟ ਸਿੰਘ ਦੇ ਹੱਕ ਵਿੱਚ ਪ੍ਰਚਾਰ ਕਰਨਗੇ। ਇਸ ਤੋਂ ਇਲਾਵਾ ਸਿਮਰਨਜੀਤ ਸਿੰਘ ਮਾਨ ਨੇ ਨੇ ਕਿਹਾ ਕਿ ਉਹ ਸੰਗਰੂਰ ਦੀ ਤਰ੍ਹਾਂ ਜਲੰਧਰ ਵਿੱਚ ਵੀ ਜਿੱਤ ਪ੍ਰਾਪਤ ਕਰਨਗੇ। ਉਨ੍ਹਾਂ ਕਿਹਾ ਬਾਕੀ ਪਾਰਟੀਆਂ ਇੱਧਰੋਂ-ਉੱਧਰੋਂ ਲਿਆ ਕੇ ਉਮੀਦਵਾਰ ਖੜ੍ਹੇ ਕਰ ਰਹੀਆਂ ਨੇ ਜਦਕਿ ਉਨ੍ਹਾਂ ਦੀ ਪਾਰਟੀ ਨੇ ਆਪਣੇ ਉਮੀਦਵਾਰ ਨੂੰ ਮੈਦਾਨ ਵਿੱਚ ਉਤਾਰਿਆ ਹੈ।
ਇਹ ਵੀ ਪੜ੍ਹੋ: ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਜ਼ਿਮਨੀ ਚੋਣ ਲਈ ਐਲਾਨਿਆ ਉਮੀਦਵਾਰ, ਗੁਰਜੰਟ ਸਿੰਘ ਕੱਟੂ ਨੂੰ ਉਤਾਰਿਆ ਮੈਦਾਨ 'ਚ