ਜਲੰਧਰ: ਪੰਜਾਬ ਦੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਦੇ ਕਤਲ ਮਾਮਲੇ 'ਚ ਮੁਲਜ਼ਮ ਸੁਰਜਨਜੀਤ ਸਿੰਘ ਚੱਠਾ ਨੂੰ ਜਲੰਧਰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਸੰਦੀਪ ਦੀ ਪਤਨੀ ਰੁਪਿੰਦਰ ਕੌਰ ਨੇ ਕਰੀਬ 6 ਮਹੀਨੇ ਪਹਿਲਾਂ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਅਪੀਲ ਕੀਤੀ ਸੀ ਕਿ ਪੁਲਿਸ ਕਰਤਾਰਪੁਰ ਦੇ ਇੱਕ ਪੈਲੇਸ 'ਚ ਬੈਠੇ ਚੱਠਾ ਨੂੰ ਤੁਰੰਤ ਗ੍ਰਿਫਤਾਰ ਕਰੇ। ਉਸ ਸਮੇਂ ਪੁਲਿਸ ਉਸ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ ਸੀ, ਪਰ ਪੁਲਿਸ ਨੇ ਬੀਤੀ ਰਾਤ ਚੱਠਾ ਨੂੰ ਗ੍ਰਿਫ਼ਤਾਰ ਕਰ ਲਿਆ।
ਫਿਲਹਾਲ ਪੁਲਿਸ ਵੱਲੋਂ ਗ੍ਰਿਫਤਾਰੀ ਦੀ ਪੁਸ਼ਟੀ ਨਹੀਂ: ਹਾਲਾਂਕਿ, ਅਜੇ ਤੱਕ ਕਿਸੇ ਵੀ ਪੁਲਿਸ ਅਧਿਕਾਰੀ ਨੇ ਚੱਠਾ ਦੀ ਗ੍ਰਿਫਤਾਰੀ ਦੀ ਪੁਸ਼ਟੀ ਨਹੀਂ ਕੀਤੀ ਹੈ, ਪਰ ਉਸ ਦੀ ਗ੍ਰਿਫਤਾਰੀ ਨੂੰ ਲੈ ਕੇ ਕੀਤੀ ਗਈ। ਪੁਲਿਸ ਕਾਰਵਾਈ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ 'ਚ ਪੁਲਿਸ ਉਸ ਨੂੰ ਗ੍ਰਿਫਤਾਰ ਕਰ ਕੇ ਲੈ ਜਾ ਰਹੀ ਹੈ।
ਪੁਲਿਸ ’ਤੇ ਕਾਰਵਾਈ ਨਾ ਕਰਨ ਲੱਗਾ ਸੀ ਦੋਸ਼: ਅੰਬੀਆ ਦੀ ਪਤਨੀ ਰੁਪਿੰਦਰ ਕੌਰ ਸੋਸ਼ਲ ਮੀਡੀਆ 'ਤੇ ਲਾਈਵ ਹੋਈ ਸੀ। ਉਨ੍ਹਾਂ ਨੇ ਪੁਲਿਸ ’ਤੇ ਕਾਰਵਾਈ ਨਾ ਕਰਨ ਦਾ ਦੋਸ਼ ਲਾਇਆ ਸੀ। ਰੁਪਿੰਦਰ ਕੌਰ ਨੇ ਦੱਸਿਆ ਕਿ ਉਸ ਨੇ ਐਸਐਸਪੀ ਨੂੰ ਦੱਸਿਆ ਕਿ ਸੰਦੀਪ ਨੰਗਲ ਅੰਬੀਆਂ ਦੇ ਕਤਲ ਦਾ ਮੁਲਜ਼ਮ ਜਲੰਧਰ ਦੇ ਕਰਤਾਰ ਪੈਲੇਸ ਵਿੱਚ ਬੈਠਾ ਹੈ। ਜੇਕਰ ਮਾਮਲੇ 'ਚ ਕੋਈ ਦੋਸ਼ੀ ਹੈ, ਤਾਂ ਉਸ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਰੁਪਿੰਦਰ ਨੇ ਦੱਸਿਆ ਕਿ ਉਸ ਨੇ ਐਸਐਸਪੀ ਨੂੰ ਵੌਇਸ ਮੈਸੇਜ ਵੀ ਭੇਜੇ ਅਤੇ ਫੋਨ ਵੀ ਕੀਤੇ। ਰੁਪਿੰਦਰ ਅਨੁਸਾਰ ਇਸ ਤੋਂ ਪਹਿਲਾਂ ਜਦੋਂ ਵੀ ਉਸ ਨੇ ਇਸ ਮਾਮਲੇ ਬਾਰੇ ਪੁੱਛਿਆ ਤਾਂ ਉਹ ਕਹਿੰਦੇ ਸਨ ਕਿ ਪੁਲਿਸ ਸੁਰਜਨਜੀਤ ਸਿੰਘ ਚੱਠਾ ਦੀ ਭਾਲ ਕਰ ਰਹੀ ਹੈ।
ਟੂਰਨਾਮੈਂਟ ਦੌਰਾਨ ਹੋਇਆ ਸੀ ਕਤਲ: ਅੰਤਰਰਾਸ਼ਟਰੀ ਸਰਕਲ ਸਟਾਈਲ ਕਬੱਡੀ ਖਿਡਾਰੀ ਸੰਦੀਪ ਨੰਗਲ ਉਰਫ ਨੰਗਲ ਅੰਬੀਆ ਦੀ ਪਿਛਲੇ ਸਾਲ 14 ਮਾਰਚ ਨੂੰ ਨਕੋਦਰ ਦੇ ਪਿੰਡ ਮੱਲ੍ਹੀਆਂ ਵਿਖੇ ਪੰਜ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਘਟਨਾ ਸ਼ਾਮ 6 ਵਜੇ ਦੇ ਕਰੀਬ ਉਸ ਸਮੇਂ ਵਾਪਰੀ ਜਦੋਂ ਸੰਦੀਪ ਚੱਲ ਰਹੇ ਟੂਰਨਾਮੈਂਟ ਲਈ ਪਿੰਡ ਪਹੁੰਚਿਆ ਸੀ। ਮੈਚ ਦੇ ਵਿਚਕਾਰ ਅੰਨ੍ਹੇਵਾਹ ਗੋਲੀਬਾਰੀ ਕਾਰਨ ਸਟੇਡੀਅਮ ਵਿੱਚ ਹਫੜਾ-ਦਫੜੀ ਮੱਚ ਗਈ। ਹਮਲਾਵਰ ਸਫੇਦ ਰੰਗ ਦੀ ਕਾਰ ਵਿੱਚ ਆਏ ਸਨ। ਉਨ੍ਹਾਂ ਨੇ ਸੰਦੀਪ 'ਤੇ ਕਰੀਬ 20 ਰਾਉਂਡ ਫਾਇਰ ਕੀਤੇ। ਉਸ ਉੱਤੇ ਮੂੰਹ ਤੋਂ ਲੈ ਕੇ ਛਾਤੀ ਤੱਕ ਗੋਲੀਆਂ ਮਾਰੀਆਂ ਗਈਆਂ ਸਨ।
ਫਤਿਹ ਨੇ ਗੋਲੀ ਚਲਾਉਣ ਵਾਲਿਆਂ ਦਾ ਇੰਤਜ਼ਾਮ: ਜੇਲ੍ਹ ਤੋਂ ਰਿਮਾਂਡ 'ਤੇ ਆਏ ਗੈਂਗਸਟਰ ਫਤਿਹ ਨੇ ਕਬੂਲ ਕੀਤਾ ਕਿ ਉਸ ਨੇ ਸਨੋਵਰ ਦੇ ਕਹਿਣ 'ਤੇ ਅਮਿਤ ਡਾਗਰ, ਕੌਸ਼ਲ ਚੌਧਰੀ, ਜਗਜੀਤ ਸਿੰਘ, ਲੱਕੀ ਪਟਿਆਲ ਅਤੇ ਸੁੱਖਾ ਦੁੱਨੇਕੇ ਨਾਲ ਮਿਲ ਕੇ ਸ਼ੂਟਰਾਂ ਦਾ ਪ੍ਰਬੰਧ ਕੀਤਾ ਸੀ। ਸੁੱਖ ਦੁੱਨੇਕੇ ਦੇ ਇਸ਼ਾਰੇ 'ਤੇ ਸਿਮਰਨਜੀਤ ਉਰਫ਼ ਜੁਝਾਰ ਨੇ ਅੰਮ੍ਰਿਤਸਰ ਦੇ ਪ੍ਰੀਤਮ ਇਨਕਲੇਵ 'ਚ ਰਿਸ਼ਤੇਦਾਰ ਸਵਰਨ ਸਿੰਘ ਦੇ ਘਰ ਗੋਲੀਬਾਰੀ ਕਰਨ ਵਾਲਿਆਂ ਨੂੰ ਛੁਪਣਗਾਹ ਮੁਹੱਈਆ ਕਰਵਾਈ। ਪੁਲਿਸ ਨੇ ਸਵਰਨ ਦੇ ਘਰੋਂ 18 ਜਿੰਦਾ ਕਾਰਤੂਸ ਅਤੇ 12 ਬੋਰ ਦੀ ਰਾਈਫਲ ਬਰਾਮਦ ਕੀਤੇ। ਸਵਰਨ ਸਿੰਘ ਨੂੰ ਵੀ ਕੇਸ ਵਿੱਚ ਨਾਮਜ਼ਦ ਕੀਤਾ ਗਿਆ ਹੈ।
ਇਸ ਲਈ ਕੀਤਾ ਸੀ ਕਤਲ: ਪੁੱਛਗਿੱਛ ਦੌਰਾਨ ਫਤਿਹ ਸਿੰਘ ਨੇ ਖੁਲਾਸਾ ਕੀਤਾ ਕਿ ਸਨੋਵਰ ਢਿੱਲੋਂ ਨੇ ਨੈਸ਼ਨਲ ਕਬੱਡੀ ਫੈਡਰੇਸ਼ਨ ਆਫ ਓਨਟਾਰੀਓ ਦਾ ਗਠਨ ਕੀਤਾ ਸੀ। ਇਸ ਦੇ ਨਾਲ ਹੀ ਉਹ ਵੱਖ-ਵੱਖ ਖਿਡਾਰੀਆਂ ਨੂੰ ਆਪਣੀ ਫੈਡਰੇਸ਼ਨ ਵਿੱਚ ਸ਼ਾਮਲ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਫਤਿਹ ਨੇ ਦੱਸਿਆ ਕਿ ਜ਼ਿਆਦਾਤਰ ਨਾਮਵਰ ਖਿਡਾਰੀ ਮ੍ਰਿਤਕ ਸੰਦੀਪ ਨੰਗਲ ਅੰਬੀਆ ਵੱਲੋਂ ਚਲਾਈ ਜਾਂਦੀ ਮੇਜਰ ਲੀਗ ਕਬੱਡੀ ਨਾਲ ਜੁੜੇ ਹੋਏ ਹਨ। ਸਨੋਵਰ ਦੀ ਫੈਡਰੇਸ਼ਨ ਮੇਜਰ ਲੀਗ ਕਾਰਨ ਫੇਲ੍ਹ ਹੋ ਰਹੀ ਸੀ। ਸਨੋਵਰ ਨੇ ਵੀ ਸੰਦੀਪ ਅੰਬੀਆ ਨੂੰ ਆਪਣੇ ਖਿਡਾਰੀਆਂ ਸਮੇਤ ਫੈਡਰੇਸ਼ਨ ਵਿਚ ਸ਼ਾਮਲ ਹੋਣ ਲਈ ਮਨਾਉਣ ਦੀ ਕੋਸ਼ਿਸ਼ ਕੀਤੀ। ਅੰਬੀਆ ਨੇ ਢਿੱਲੋਂ ਨੂੰ ਫੈਡਰੇਸ਼ਨ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਤੋਂ ਨਾਰਾਜ਼ ਹੋ ਕੇ ਸਨੋਵਰ ਨੇ ਨੰਗਲ ਅੰਬੀਆ ਦੀ ਸੁਪਾਰੀ ਦੇ ਦਿੱਤੀ।