ਜਲੰਧਰ: ਪੰਜਾਬ 'ਚ ਪਿਛਲੇ ਕੁਝ ਸਮੇਂ ਤੋਂ ਕਈ ਲੋਕਾਂ ਨੂੰ ਲਾਰੈਂਸ ਗੈਂਗ ਦੇ ਨਾਮ 'ਤੇ ਧਮਕੀਆਂ ਮਿਲ ਰਹੀਆਂ ਹਨ। ਇਸ ਦਾ ਤਾਜ਼ਾ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਹੈ। ਜਿਥੇ ਆਰਟੀਆਈ ਕਾਰਕੁੰਨ ਨੂੰ ਇਕ ਫੋਨ ਕਾਲ ਆਈ, ਜਿਸ 'ਚ ਉਕਤ ਵਿਅਕਤੀ ਵਲੋਂ ਖੁਦ ਨੂੰ ਲਾਰੈਂਸ ਬਿਸ਼ਨੋਈ ਦਾ ਭਰਾ ਅਨਮੋਲ ਬਿਸ਼ਨੋਈ ਦੱਸਦੇ ਹੋਏ ਧਮਕੀ ਵੀ ਦਿੱਤੀ ਗਈ।
ਇਸ ਸਬੰਧੀ ਉਕਤ ਪੀੜਤ ਸਿਮਰਨਜੀਤ ਸਿੰਘ ਦਾ ਕਹਿਣਾ ਕਿ ਜਦੋਂ ਉਹ ਚੰਡੀਗੜ੍ਹ ਤੋਂ ਜਲੰਧਰ ਵੱਲ ਆ ਰਿਹਾ ਸੀ ਤਾਂ ਉਸ ਨੂੰ ਕੁਰਾਲੀ ਦੇ ਨਜ਼ਦੀਕ ਇਕ ਫੋਨ ਕਾਲ ਆਈ ਸੀ। ਜਿਸ 'ਚ ਉਸ ਫੋਨ ਕਰਨ ਵਾਲੇ ਨੇ ਖੁਦ ਨੂੰ ਅਨਮੋਲ ਬਿਸ਼ਨੋਈ ਦੱਸਿਆ। ਇਸ ਦੌਰਾਨ ਉਸ ਨੇ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ।
ਸਿਮਰਨਜੀਤ ਨੇ ਦੱਸਿਆ ਕਿ ਫੋਨ ਕਰਨ ਵਾਲੇ ਨੇ ਜਲੰਧਰ ਦੇ ਧਮਾਲ ਕਲਾਂ ਇਲਾਕੇ ਦਾ ਇੱਕ ਬਿਆਨਾਂ ਅਤੇ ਛਿਆਹਠ ਫੁੱਟੀ ਰੋਡ ਦੇ ਲਾਗੇ ਇੱਕ ਆਰ.ਟੀ.ਆਈ ਵਾਪਸ ਲੈਣ ਦੀ ਧਮਕੀ ਦਿੱਤੀ ਅਤੇ ਕਿਹਾ ਕਿ ਜੇਕਰ ਉਹ ਵਾਪਸ ਨਹੀਂ ਲੈਂਦਾ ਤਾਂ ਜਾਨੋਂ ਮਾਰ ਦਿੱਤਾ ਜਾਵੇਗਾ।
ਸਿਮਰਨਜੀਤ ਸਿੰਘ ਵੱਲੋਂ ਜਦੋਂ ਇਸ ਗੱਲ ਦੀ ਸ਼ਿਕਾਇਤ ਕੁਰਾਲੀ ਪੁਲਿਸ ਨੂੰ ਕੀਤੀ ਗਈ ਤਾਂ ਪਹਿਲੇ ਤਾਂ ਪੁਲਿਸ ਨੇ ਇਸ ਨੂੰ ਇੱਕ ਫੇਕ ਕੋਲ ਸਮਝਿਆ। ਲੇਕਿਨ ਬਾਅਦ ਵਿੱਚ ਜਦੋਂ ਇਸ ਰਿਕਾਰਡਿੰਗ ਵਿੱਚ ਉਸ ਵਿਅਕਤੀ ਦੀ ਆਵਾਜ਼ ਨੂੰ ਅਨਮੋਲ ਬਿਸ਼ਨੋਈ ਦੀ ਆਵਾਜ਼ ਨਾਲ ਮਿਲਾਇਆ ਗਿਆ ਤਾਂ ਉਹ ਆਵਾਜ਼ ਬਿਲਕੁਲ ਲਾਰੈਂਸ ਦੇ ਭਰਾ ਅਨਮੋਲ ਬਿਸ਼ਨੋਈ ਨਾਲ ਮਿਲ ਰਹੀ ਸੀ। ਇਸ ਤੋਂ ਬਾਅਦ ਪੁਲਿਸ ਵਲੋਂ ਮਾਮਲਾ ਦਰਜ ਕੀਤਾ ਅਤੇ ਸੁਰੱਖਿਆ ਦੇ ਕੇ ਸਿਮਰਨਜੀਤ ਸਿੰਘ ਨੂੰ ਜਲੰਧਰ ਰਵਾਨਾ ਕੀਤਾ। ਇਸ ਦੇ ਚੱਲਦਿਆਂ ਜਲੰਧਰ ਪੁਲਿਸ ਦੇ ਦੋ ਮੁਲਾਜ਼ਮ ਵੀ ਸੁਰੱਖਿਆ 'ਚ ਤੈਨਾਤ ਹਨ।
ਇਸ ਘਟਨਾ ਦੀ ਖਾਸ ਗੱਲ ਇਹ ਹੈ ਕਿ ਸਿਮਰਨਜੀਤ ਸਿੰਘ ਵੱਲੋਂ ਇਹ ਕਿਹਾ ਗਿਆ ਹੈ ਕਿ ਉਸ ਦੇ ਨਿੱਜੀ ਕੰਮ ਨੂੰ ਲੈ ਕੇ ਉਸ ਨੂੰ ਇਹ ਧਮਕੀ ਮਿਲੀ ਹੈ ਨਾ ਕਿ ਕਿਸੇ ਕਿਸਮ ਦੀ ਕੋਈ ਫਿਰੌਤੀ ਲਈ ਫੋਨ ਆਇਆ। ਫਿਲਹਾਲ ਕੁਰਾਲੀ ਥਾਣੇ ਦੀ ਪੁਲਿਸ ਨੇ ਇਸ ਮਾਮਲੇ ਵਿੱਚ ਐਫਆਈਆਰ ਦਰਜ ਕਰ ਲਈ ਅਤੇ ਅਗਲੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ: ਬਲਾਤਕਾਰ ਮਾਮਲਾ: ਸਿਮਰਜੀਤ ਬੈਂਸ ਦਾ ਪੁਲਿਸ ਨੇ ਮੁੜ ਹਾਸਲ ਕੀਤਾ 2 ਦਿਨ ਦਾ ਰਿਮਾਂਡ