ਜਲੰਧਰ: ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਅਤੇ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਮਾਸਟਰ ਬਲਦੇਵ ਸਿੰਘ ਵਿਰੁੱਧ ਜਲੰਧਰ ਦੇ ਇੱਕ ਆਰਟੀਆਈ ਐਕਟੀਵਿਸਟ ਨੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਦਿੱਤੀ ਹੈ । ਉਨ੍ਹਾਂ ਚੋਣ ਕਮਿਸ਼ਨ ਨੂੰ ਕਿਹਾ ਹੈ ਕਿ ਖਹਿਰਾ ਅਤੇ ਮਾਸਟਰ ਬਲਦੇਵ ਸਿੰਘ ਨੂੰ ਲੋਕ ਸਭਾ ਚੋਣਾਂ ਨਹੀਂ ਲੜਨ ਦੇਣੀਆਂ ਚਾਹੀਦੀਆਂ ।
ਆਰਟੀਆਈ ਐਕਟੀਵਿਸਟ ਸਿਮਰਨ ਮੁਤਾਬਕ ਦੇਸ਼ 'ਚ ਦਲ ਬਦਲੂ ਕਾਨੂੰਨ ਤਹਿਤ ਉਨ੍ਹਾਂ ਚੋਣ ਕਮਿਸ਼ਨ ਨੂੰ ਇਹ ਸ਼ਿਕਾਇਤ ਦਿੱਤੀ ਹੈ ਕਿ ਸੁਖਪਾਲ ਖਹਿਰਾ ਅਤੇ ਬਲਦੇਵ ਸਿੰਘ ਆਪ ਵੱਲੋਂ ਵਿਧਾਨ ਸਭਾ ਚੋਣਾਂ ਜਿੱਤੇ ਹੋਏ ਹਨ ਅਤੇ ਹੁਣ ਉਹ ਨਵੀਂ ਪਾਰਟੀ ਬਣਾ ਕੇ ਲੋਕ ਸਭਾ ਚੋਣਾਂ ਲੜਨ ਲਈ ਨਾਮਜ਼ਦਗੀਆਂ ਭਰ ਚੁੱਕੇ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਦੋਹਾਂ ਨੂੰ ਪਹਿਲਾਂ ਵਿਧਾਨ ਸਭਾ ਤੋਂ ਅਸਤੀਫ਼ਾ ਦੇਣਾ ਚਾਹੀਦਾ ਸੀ। ਸੁਖਪਾਲ ਖਹਿਰਾ ਨੇ ਕੁਝ ਦਿਨ ਪਹਿਲਾਂ ਹੀ ਈ-ਮੇਲ ਰਾਹੀਂ ਆਪਣਾ ਅਸਤੀਫ਼ਾ ਭੇਜਿਆ ਹੈ ਪਰ ਕਾਨੂੰਨ ਇਹ ਕਹਿੰਦਾ ਹੈ ਕਿ ਅਸਤੀਫ਼ਾ ਵਿਧਾਨ ਸਭਾ ਦੇ ਸਪੀਕਰ ਨੂੰ ਦਿੱਤਾ ਜਾਣਾ ਚਾਹੀਦਾ ਸੀ। ਦੂਜੇ ਪਾਸੇ ਮਾਸਟਰ ਬਲਦੇਵ ਸਿੰਘ ਜੋ ਕਿ ਜੈਤੋ ਤੋਂ ਵਿਧਾਇਕ ਹਨ ਉਨ੍ਹਾਂ ਨੇ ਵੀ ਅਜੇ ਤੱਕ ਆਪਣਾ ਅਸਤੀਫ਼ਾ ਵਿਧਾਨ ਸਭਾ ਸਪੀਕਰ ਨੂੰ ਨਹੀਂ ਦਿੱਤਾ ।
ਉਨ੍ਹਾਂ ਕਿਹਾ ਕਿ ਜੇ ਇਹ ਦੋਵੇਂ ਆਗੂ ਵਿਧਾਨ ਸਭਾ ਤੋਂ ਅਸਤੀਫਾ ਨਹੀਂ ਦਿੰਦੇ ਤਾਂ ਇਨ੍ਹਾਂ ਨੂੰ ਲੋਕ ਸਭਾ ਚੋਣਾਂ ਨਹੀਂ ਲੜਨ ਦੇਣੀਆਂ ਚਾਹੀਦੀਆਂ ਤੇ ਇਨ੍ਹਾਂ ਨੂੰ ਖੁਦ ਵੀ ਇਹ ਗੱਲ ਸੋਚਣੀ ਚਾਹੀਦੀ ਹੈ।