ਜਲੰਧਰ: ਲਗਭਗ ਦੋ ਮਹੀਨਿਆਂ ਤੋਂ ਪੁਲਿਸ ਅਧਿਕਾਰੀ ਦੇ ਦਫ਼ਤਰ ਦੇ ਚੱਕਰ ਲਾਉਣ ਤੋਂ ਬਾਅਦ ਇੱਕ ਵਿਅਕਤੀ ਨੇ ਕਮੀਸ਼ਨਰ ਦਫ਼ਤਰ 'ਚ ਕਿਸੇ ਨੁਕਸਾਨਦੇਹ ਦਵਾਈ ਦਾ ਸੇਵਨ ਕੀਤਾ ਜਿਸ ਤੋਂ ਬਾਅਦ ਉਸ ਵਿਅਕਤੀ ਦੀ ਹਾਲਤ ਬੇਹਦ ਖ਼ਰਾਬ ਹੋ ਗਈ।ਵਿਅਕਤੀ ਨੂੰ ਨਿਜੀ ਹਸਪਤਾਲ ਭਰਤੀ ਕਰਵਾਇਆ ਗਿਆ ਹੈ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।
ਮਿਲੀ ਜਾਣਕਾਰੀ ਅਨੁਸਾਰ ਵਿਅਕਤੀ ਆਪਣੇ ਕਿਸੇ ਮਾਮਲੇ ਨੂੰ ਲੈ ਕੇ ਪਿਛਲੇ ਦੋ ਮਹੀਨਿਆਂ ਤੋਂ ਪੁਲਿਸ ਅਧਿਕਾਰੀਆਂ ਦੇ ਦਫ਼ਤਰਾਂ ਦੇ ਚੱਕਰ ਕੱਟ ਰਿਹਾ ਸੀ, ਪਰ ਪੁਲਿਸ ਵੱਲੋਂ ਕੋਈ ਕਾਰਵਾਈ ਨਾ ਕੀਤੇ ਜਾਣ ਕਾਰਨ ਉਸ ਨੇ ਤੰਗ ਆ ਅੱਜ ਪੁਲਿਸ ਦਫ਼ਤਰ 'ਚ ਹੀ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਮਾਮਲੇ ਦੀ ਪੜਤਾਲ ਕਰ ਰਹੇ ਡੀਸੀਪੀ ਨੇ ਦੱਸਿਆ ਕਿ ਪੀੜਤ ਵਿਅਕਤੀ ਦਾ ਨਾਂਅ ਸੰਦੀਪ ਆਨੰਦ ਹੈ।
ਪੂਰੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਡੀਸੀਪੀ ਗੁਰਮੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੇ ਸਬੰਧ 'ਚ ਆਏ ਸੰਦੀਪ ਨੂੰ ਇੰਤਜ਼ਾਰ ਕਰਨ ਲਈ ਕਿਹਾ ਗਿਆ ਸੀ। ਪਰ ਕੁੱਝ ਹੀ ਸਮੇਂ ਬਾਅਦ ਸੰਦੀਪ ਨੇ ਨੀਂਦ ਦੀਆਂ ਗੋਲੀਆਂ ਖਾ ਲਈਆਂ ਜਿਸ ਤੋਂ ਬਾਅਦ ਉਸ ਦੀ ਹਾਲਤ ਖ਼ਰਾਬ ਹੋ ਗਈ।
ਉਨ੍ਹਾਂ ਕਿਹਾ ਕਿ ਸੰਦੀਪ ਜਿਸ ਮਾਮਲੇ ਲਈ ਪੁਲਿਸ ਦਫ਼ਤਰ ਆਉਂਦਾ ਰਿਹਾ ਹੈ ਉਸ 'ਚ 354 ਮੁਕੱਦਮੇ 'ਚ ਕੋਰਟ ਵੱਲੋਂ ਆਰਡਰ ਆਏ ਹੋਏ ਸਨ ਅਤੇ ਧਾਰਾ 452 ਅਤੇ 406 ਤਹਿਤ ਮਾਮਲਾ ਵੀ ਦਰਜ ਕੀਤਾ ਗਿਆ ਹੈ, ਜਿਸ ਦੀ ਅਜੇ ਤਕ ਪੜਤਾਲ ਚੱਲ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ 'ਚ ਦੋਸ਼ੀਆਂ ਨੂੰ ਨੋਟਿਸ ਵੀ ਭੇਜਿਆ ਗਿਆ ਹੈ, ਜਿਸ ਤੋਂ ਬਾਅਦ ਹੀ ਦੋਸ਼ੀਆਂ ਦੀ ਗ੍ਰਿਫਤਾਰੀ ਕੀਤੀ ਜਾ ਸਕੇਗੀ। ਉਨ੍ਹਾਂ ਸੰਦੀਪ ਵੱਲੋਂ ਚੁੱਕੇ ਇਸ ਕਦਮ ਦੀ ਨਿਖੇਦੀ ਕੀਤੀ ਹੈ, ਅਤੇ ਕਿਹਾ ਕਿ ਸੰਦੀਪ ਨੂੰ ਜਲਦਬਾਜ਼ੀ 'ਚ ਇਹ ਕਦਮ ਨਹੀਂ ਸੀ ਚੁੱਕਣਾ ਚਾਹੀਦਾ।
ਪੁਲਿਸ ਦੇ ਦਫ਼ਤਰ 'ਚ ਵਾਪਰੀ ਇਹ ਘਟਨਾ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰਦੀ ਹੈ ਅਤੇ ਨਾਲ ਹੀ ਘਟਨਾ ਸਾਡੇ ਸਮਾਜ ਅਤੇ ਸੂਬੇ ਦੀ ਮੱਧਮ ਕਾਨੂੰਨੀ ਪ੍ਰਕਿਰਿਆ ਵੱਲ ਵੀ ਇਸ਼ਾਰਾ ਕਰਦੀ ਹੈ।