ਜਲੰਧਰ: ਪੱਕਾ ਬਾਗ ਵਿਖੇ ਇੱਕ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਾਣਕਾਰੀ ਮੁਤਾਬਕ ਇੱਕ 10 ਸਾਲ ਦੀ ਕੁੜੀ ਦੀ ਲਾਸ਼ ਉਸ ਦੇ ਘਰ ਦੇ ਬਾਥਰੂਮ ਵਿੱਚੋਂ ਮਿਲੀ। ਕੁੜੀ ਦੀ ਗਰਦਨ 'ਤੇ ਨਿਸ਼ਾਨ ਵੇਖ ਕੇ ਅਜਿਹਾ ਲੱਗ ਰਿਹਾ ਹੈ ਜਿਵੇਂ ਉਸ ਨੇ ਫੰਦਾ ਲਿਆ ਹੋਵੇ।
ਮ੍ਰਿਤਕ ਦੀ ਮਾਂ ਵਸੂਧਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਘਟਨਾ ਬਾਰੇ ਪੂਰੀ ਤਰ੍ਹਾਂ ਨਹੀਂ ਪਤਾ। ਉਨ੍ਹਾਂ ਕਿਹਾ ਕਿ ਜਦ ਉਹ ਖਾਣਾ ਬਣਾ ਰਹੇ ਸੀ ਤਾਂ ਵਸੂਧਾ ਨੂੰ ਲੱਗਾ ਕਿ ਉਨ੍ਹਾਂ ਦੀ ਬੱਚੀ ਥੱਲੇ ਮੁਹੱਲੇ ਦੇ ਬੱਚਿਆਂ ਨਾਲ ਖੇਡ ਰਹੀ ਸੀ।
ਜਦ ਵਸੂਧਾ ਨੇ ਆਪਣੇ ਬੇਟੇ ਨੂੰ ਆਪਣੀ ਭੈਣ ਨੂੰ ਬੁਲਾਓਣ ਲਈ ਬਾਹਰ ਭੇਜਿਆ ਤਾਂ ਇਸ ਦੌਰਾਨ ਉਨ੍ਹਾਂ ਬਾਥਰੂਮ ਦੀ ਲਾਈਟ ਜਲਦੀ ਵੇਖੀ ਤਾਂ ਉਹ ਬਾਥਰੂਮ ਵੱਲ ਗਏ। ਜਦ ਉਨ੍ਹਾਂ ਦੇਖਿਆ ਤਾਂ ਉਨ੍ਹਾਂ ਦੀ ਬੇਟੀ ਦੀ ਲਾਸ਼ ਬਾਥਰੂਮ ਵਿੱਚ ਪਈ ਹੋਈ ਸੀ। ਇਸ ਤੋਂ ਬਾਅਦ ਉਸ ਨੂੰ ਸਥਾਨਕ ਹਸਪਤਾਲ ਲੈ ਕੇ ਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।
ਇਸ ਮਾਮਲੇ ਦੀ ਜਾਣਕਾਰੀ ਸਾਂਝੀ ਕਰਦਿਆਂ ਡੀ.ਸੀ.ਪੀ. ਗੁਰਮੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਮ੍ਰਿਤਕ ਦੇ ਪਰਿਵਾਰ ਵਾਲਿਆਂ ਦੇ ਬਿਆਨ ਲੈਕੇ ਮ੍ਰਿਤਕ ਦੇ ਸਰੀਰ ਨੂੰ ਪੋਸਟਮਾਰਟਮ ਲਈ ਭਿਜਵਾ ਦਿੱਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਇਸ ਪੂਰੀ ਘਟਨਾ ਬਾਰੇ ਪਤਾ ਚੱਲ ਪਾਵੇਗਾ। ਫ਼ਿਲਹਾਲ ਪੁਲਿਸ ਇਸ ਕੇਸ ਦੀ ਤਫਤੀਸ਼ ਵਿੱਚ ਲੱਗੀ ਹੋਈ ਹੈ।