ਨਵਾਂਸ਼ਹਿਰ: ਜ਼ਿਲ੍ਹਾ ਹਸਪਤਾਲ ਦੇ ਕੁਆਰੰਟੀਨ ਵਾਰਡ ’ਚ ਮੌਜੂਦ ਕੋਰੋਨਾ ਤੋਂ ਮੁਕਤ 8 ਵਿਅਕਤੀ ਸ਼ੁੱਕਰਵਾਰ ਆਪਣੇ ਘਰਾਂ ਨੂੰ ਰਵਾਨਾ ਕੀਤੇ ਗਏ। ਜ਼ਿਲ੍ਹਾ ਹਸਪਤਾਲ ਦੀਆਂ ਐਂਬੂਲੈਂਸਾਂ ਇਨ੍ਹਾਂ ਸਿਹਤਯਾਬ ਹੋਏ ਵਿਅਕਤੀਆਂ ਅਤੇ ਬੱਚਿਆਂ ਨੂੰ ਘਰ ਤੱਕ ਛੱਡ ਕੇ ਆਈਆਂ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਨ੍ਹਾਂ ਨੂੰ ਰਵਾਨਾ ਹੋਣ ਤੋਂ ਪਹਿਲਾਂ ਤਹਿਸੀਲਦਾਰ ਕੁਲਵੰਤ ਸਿੰਘ ਨੇ ਫ਼ਲਾਂ ਦੀ ਟੋਕਰੀ ਸੌਂਪ ਕੇ ਸ਼ੁਭਕਾਮਨਾਵਾਂ ਦਿੱਤੀਆਂ।
ਜੈਕਾਰਿਆਂ ਦੀ ਗੂੰਜ ’ਚ ਐਂਬੂਲੈਂਸਾਂ ’ਚ ਰਵਾਨਾ ਹੋਏ ਇਨ੍ਹਾਂ ਠੀਕ ਹੋਏ ਮਰੀਜ਼ਾਂ ’ਚ ਬਾਬਾ ਗੁਰਬਚਨ ਸਿੰਘ ਪਠਲਾਵਾ, ਬਾਬਾ ਦਲਜਿੰਦਰ ਸਿੰਘ ਲਧਾਣਾ ਝਿੱਕਾ ਤੋਂ ਇਲਾਵਾ ਸਵਰਗੀ ਬਾਬਾ ਬਲਦੇਵ ਸਿੰਘ ਦੇ ਪੁੱਤਰ ਫ਼ਤਿਹ ਸਿੰਘ, ਉਸ ਦੀ ਬੇਟੀ, ਤਿੰਨ ਭਤੀਜੀਆਂ ਤੇ ਇੱਕ ਭਤੀਜਾ ਅਤੇ ਇੱਕ ਭਾਣਜਾ ਸ਼ਾਮਿਲ ਹਨ।
ਐਸ.ਐਮ.ਓ. ਡਾ. ਹਰਵਿੰਦਰ ਸਿੰਘ ਨੇ ਦੱਸਿਆ ਕਿ ਉਕਤ 10 ਵਿਅਕਤੀਆਂ ਤੋਂ ਇਲਾਵਾ ਸਵਰਗੀ ਬਲਦੇਵ ਸਿੰਘ ਦੇ ਪਰਿਵਾਰ ਦੇ ਦੋ ਪੁੱਤਰਾਂ ਅਤੇ ਇੱਕ ਨੂੰਹ ਦੇ ਟੈਸਟ ਵੀ ਪਹਿਲੀ ਵਾਰ ਨੈਗੇਟਿਵ ਆਏ ਹਨ ਅਤੇ ਹੁਣ ਆਈਸੋਲੇਸ਼ਨ ਵਾਰਡ ’ਚ 5 ਮਰੀਜ਼ ਬਾਕੀ ਹਨ, ਜਿਨ੍ਹਾਂ ਦੇ ਸੈਂਪਲ ਭੇਜੇ ਜਾਣੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਤਿੰਨ ਮਰੀਜ਼ਾਂ ਦੀ ਸਿਹਤਯਾਬੀ ਕੱਲ੍ਹ ਨੂੰ ਇਨ੍ਹਾਂ ਦੇ ਦੁਬਾਰਾ ਭੇਜੇ ਗਏ ਸੈਂਪਲਾਂ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਐਲਾਨੀ ਜਾਵੇਗੀ।
ਉਨ੍ਹਾਂ ਆਈਸੋਲੇਸ਼ਨ ਵਾਰਡ ’ਚ ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ਼ ਵਜੋਂ ਸੇਵਾਵਾਂ ਨਿਭਾਉਣ ਵਾਲੇ ਹਸਪਤਾਲ ਦੇ ਕਰਮਚਾਰੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅੱਜ ਉਨ੍ਹਾਂ ਨੂੰ ਇਸ ਗੱਲ ਦੀ ਸੰਤੁਸ਼ਟੀ ਹੈ ਕਿ ਉਨ੍ਹਾਂ ਵੱਲੋਂ ਕੀਤੀ ਤਨਦੇਹੀ ਨਾਲ ਡਿਊਟੀ ਬਾਅਦ 18 ’ਚੋਂ 10 ਮਰੀਜ਼ ਸਿਹਤਯਾਬ ਹੋ ਚੁੱਕੇ ਹਨ ਅਤੇ ਤਿੰਨ ਸਿਹਤਯਾਬੀ ਵੱਲ ਵੱਧ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪੂਰਨ ਆਸ ਹੈ ਕਿ ਬਾਕੀ ਦੇ ਪੰਜ ਮਰੀਜ਼ਾਂ ਦੇ ਸੈਂਪਲ ਵੀ ਨੈਗੇਟਿਵ ਆਉਣਗੇ ਅਤੇ ਉਹ ਵੀ ਖੁਸ਼ੀ-ਖੁਸ਼ੀ ਆਪਣੇ ਘਰਾਂ ਨੂੰ ਜਾਣਗੇ।