ਹੁਸ਼ਿਆਰਪੁਰ: ਪੰਜਾਬ ਦੀ ਜਵਾਨੀ ਨਸ਼ੇ ਦੀ ਦਲਦਲ ਵਿੱਚ ਧਸਦੀ ਜਾ ਰਹੀ ਹੈ।ਭਾਵੇਂ ਸਰਕਾਰ ਨਸ਼ੇ ਨੂੰ ਪੰਜਾਬ ਵਿੱਚੋਂ ਖਤਮ ਕਰਨ ਦੇ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਪਰ ਹਰ ਰੋਜ਼ ਨਸ਼ੇ ਨੂੰ ਲੈਕੇ ਦਿਲ ਦਹਿਲਾ ਦੇਣ ਵਾਲੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਜੋ ਸਵਾਲ ਸਰਕਾਰਾਂ ਦੀ ਕਾਰਗੁਜ਼ਾਰੀ ’ਤੇ ਖੜ੍ਹੇ ਕਰਦੀਆਂ ਹਨ।
ਤਾਜ਼ਾ ਮਾਮਲਾ ਹੁਸ਼ਿਆਰਪੁਰ ਦੇ ਇਸਲਾਮਾਬਾਦ ਤੋਂ ਹੈ ਜਿੱਥੇ ਇੱਕ ਨੌਜਵਾਨ ਨਸ਼ੇ ਦੀ ਓਵਰਡੋਜ਼ (drug overdose) ਕਾਰਨ ਘਰ ਵਿੱਚ ਹੀ ਬੇਹੋਸ਼ੀ ਹਾਲਤ ਵਿੱਚ ਡਿੱਗ ਗਿਆ। ਗੰਭੀਰ ਹਾਲਤ ਵਿੱਚ ਪਰਿਵਾਰ ਵੱਲੋਂ ਨੌਜਵਾਨ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਜਿੱਥੇ ਕਿ ਨੌਜਵਾਨ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਨਸ਼ੇ ਤੋਂ ਪੀੜਤ ਨੌੌਜਵਾਨ ਦੀ ਮਾਤਾ ਨੇ ਦੱਸਿਆ ਕਿ ਉਨ੍ਹਾਂ ਦੇ ਮੁਹੱਲੇ ਵਿੱਚ ਨੌਜਵਾਨ ਨਸ਼ਾ ਵੇਚਣ ਦਾ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਪਣੇ ਪੁੱਤਰ ਨੂੰ ਨਸ਼ਾ ਕਰਨ ਤੋਂ ਬਹੁਤ ਵਾਰ ਰੋਕਿਆ ਹੈ। ਇਸਦੇ ਨਾਲ ਹੀ ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਆਪਣੇ ਪੁੱਤਰ ਨੂੰ ਨਸ਼ਾ ਛੁਡਾਊ ਕੇਂਦਰ ਵਿੱਚ ਇਲਾਜ ਲਈ ਦਾਖਲ ਕਰਵਾਇਆ ਸੀ। ਉਨ੍ਹਾਂ ਦੱਸਿਆ ਕਿ ਨਸ਼ਾ ਛੁਡਾਊ ਕੇਂਦਰ ਤੋਂ ਘਰੇ ਆਉਣ ਬਾਅਦ ਉਹ ਇੱਕ ਮਹੀਨਾ ਠੀਕ ਰਿਹਾ ਅਤੇ ਮੁੜ ਨਸ਼ਾ ਕਰਨ ਲੱਗ ਗਿਆ।
ਨੌਜਵਾਨ ਦੀ ਮਾਂ ਨੇ ਦੱਸਿਆ ਕਿ ਬੀਤੀ ਸ਼ਿਵਰਾਤਰੀ ਨੂੰ ਵੀ ਉਨ੍ਹਾਂ ਦੇ ਮੁਹੱਲੇ ਵਿੱਚ ਇਕ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋਈ ਸੀ। ਪੀੜਤ ਮਾਂ ਅਤੇ ਮੁਹੱਲਾ ਵਾਸੀਆਂ ਨੇ ਪੁਲਿਸ ਅੱਗੇ ਗੁਹਾਰ ਲਗਾਈ ਹੈ ਕਿ ਉਨ੍ਹਾਂ ਦੇ ਮੁਹੱਲੇ ਵਿੱਚ ਜੋ ਲੋਕ ਨਸ਼ੇ ਦਾ ਕੰਮ ਕਰਦੇ ਹਨ ਉਨ੍ਹਾਂ ਨੂੰ ਤੁਰੰਤ ਫੜ ਕੇ ਅੰਦਰ ਦਿੱਤਾ ਜਾਵੇ ਤਾਂ ਜੋ ਪੰਜਾਬ ਦੀ ਨੌਜਵਾਨੀ ਨੂੰ ਬਚਾਇਆ ਜਾ ਸਕੇ।
ਇਹ ਵੀ ਪੜ੍ਹੋ: ਯੂਕਰੇਨ ਤੋਂ ਆਈ ਵਿਦਿਆਰਥਣ ਨੇ ਪੰਜਾਬ ਸਰਕਾਰ ਨਾਲ ਜਤਾਇਆ ਰੋਸ