ਹੁਸ਼ਿਆਰਪੁਰ: ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਕੁੱਝ ਹੀ ਸਮਾਂ ਬਾਕੀ ਰਹਿ ਗਿਆ ਹੈ, ਜਿਸਦੇ ਚੱਲਦੇ ਕਈ ਤਰ੍ਹਾਂ ਦੇ ਮੁੱਦੇ ਸੁਣਨ ਨੂੰ ਮਿਲ ਰਹੇ ਹਨ, ਇਸੇ ਤਰ੍ਹਾਂ ਹੀ ਗੜ੍ਹਸ਼ੰਕਰ ਦੇ ਪਿੰਡ ਬਸਿਆਲਾ ਅਤੇ ਰਸੂਲਪੁਰ ਨੇ ਵਿਧਾਨ ਸਭਾ ਚੋਣਾਂ ਦਾ ਬਾਇਕਾਟ ਕਰਨ ਦਾ ਐਲਾਨ ਕੀਤਾ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਦੇ ਵਿੱਚ 20 ਫ਼ਰਵਰੀ ਨੂੰ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ, ਜਿਸਦੇ ਲਈ ਵੱਖ ਵੱਖ ਪਾਰਟੀਆਂ ਦੇ ਉਮੀਦਵਾਰਾਂ ਵਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਸੀ।
ਉੱਥੇ ਹੀ ਕਈ ਥਾਵਾਂ 'ਤੇ ਲੋਕਾਂ ਵਲੋਂ ਵਿਧਾਨਸਭਾ ਚੋਣਾਂ ਦਾ ਬਾਈਕਾਟ ਵੀ ਕੀਤਾ ਜਾ ਰਿਹਾ ਹੈ। ਹਲਕਾ ਗੜ੍ਹਸ਼ੰਕਰ ਦੇ ਨਵਾਂਸ਼ਹਿਰ ਰੋਡ 'ਤੇ ਸਥਿਤ ਪਿੰਡ ਬਸਿਆਲਾ ਅਤੇ ਰਸੂਲਪੁਰ ਦੇ ਲੋਕਾਂ ਵਲੋਂ ਵਿਧਾਨ ਸਭਾ ਚੋਣਾਂ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ।
ਕੀ ਕਹਿਣਾ ਹੈ ਪਿੰਡ ਵਾਸੀਆਂ ਦਾ
ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਤਿੰਨ ਸਾਲ ਪਹਿਲਾਂ ਰੇਲਵੇ ਵੱਲੋਂ ਗੜ੍ਹਸ਼ੰਕਰ ਇਲਾਕੇ ਵਿਚੋਂ ਲੰਘਦੀ ਰੇਲ ਲਾਈਨ 'ਤੇ ਕਈ ਪਿੰਡਾਂ ਨੂੰ ਜਾਂਦੀਆਂ ਸੜਕਾਂ 'ਤੇ ਪੈਂਦੇ ਰੇਲਵੇ ਫਾਟਕਾਂ ਨੂੰ ਪੱਕੇ ਤੌਰ ਉਤੇ ਬੰਦ ਕਰ ਦਿੱਤਾ ਸੀ, ਜਿਸਦੇ ਵਿੱਚ ਪਿੰਡ ਬਸਿਆਲਾ ਦੇ ਰੇਲਵੇ ਫਾਟਕ ਨੂੰ ਬੰਦ ਕਰ ਦਿੱਤਾ ਗਿਆ। ਜਿਸਦੇ ਕਾਰਨ ਪਿੰਡ ਬਸਿਆਲਾ, ਰਸੂਲਪੁਰ, ਚੋਹੜਾ, ਬਕਾ ਪੁਰ ਗੁਰੂ, ਦੇਣੋਵਾਲ ਕਲਾਂ ਅਤੇ ਪਲੀਆਂ ਦੀ ਆਵਾਜਾਈ ਪੂਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਰਹੀ ਹੈ ਅਤੇ ਫਾਟਕ ਬੰਦ ਹੋਣ ਕਾਰਨ ਲੋਕਾਂ ਨੂੰ 5 ਕਿਲੋਮੀਟਰ ਤੱਕ ਦਾ ਵੱਧ ਸਫ਼ਰ ਤਹਿ ਕਰਨਾ ਪੈਂਦਾ ਹੈ।
ਲੋਕਾਂ ਦਾ ਕਹਿਣਾ ਹੈ ਕਿ ਉਹ ਇਸ ਫਾਟਕ ਨੂੰ ਖੁਲਵਾਉਣ ਦੇ ਲਈ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ, ਹਲਕਾ ਗੜ੍ਹਸ਼ੰਕਰ ਦੇ ਵਿਧਾਇਕ ਅਤੇ ਕਾਂਗਰਸ ਪਾਰਟੀ ਦੇ ਨੁਮਾਇੰਦਿਆਂ ਕੋਲੋਂ ਗੁਹਾਰ ਲੱਗਾ ਚੁੱਕੇ ਹਨ ਪਰ ਕਿਸੇ ਨੇ ਵੀ ਇਸਦੀ ਸਮੱਸਿਆ ਦਾ ਹੱਲ ਨਹੀਂ ਕੀਤਾ।
ਲੋਕਾਂ ਦਾ ਕਹਿਣਾ ਹੈ ਕਿ ਫਾਟਕ ਦੀ ਸਮੱਸਿਆ ਹੱਲ ਨਾ ਹੋਣ ਕਾਰਨ ਉਨ੍ਹਾਂ ਪੂਰਨ ਤੌਰ 'ਤੇ ਵਿਧਾਨ ਸਭਾ ਚੋਣਾਂ ਦਾ ਬਾਈਕਾਟ ਕੀਤਾ ਹੈ। ਰੇਲਵੇ ਫਾਟਕ ਖੋਲ੍ਹਣ ਦੀ ਮੰਗ ਨੂੰ ਲੈ ਕੇ ਲੋਕਾਂ ਨੇ ਸੜਕ ਦੇ ਕਿਨਾਰੇ ਧਰਨਾ ਦਿੱਤਾ।
ਇਹ ਵੀ ਪੜ੍ਹੋ: ਚੋਣ ਪ੍ਰਚਾਰ ਬੰਦ ਹੁੰਦੇ ਹੀ ਐਕਸਾਈਜ਼ ਵਿਭਾਗ ਵੱਡਾ ਐਕਸ਼ਨ