ਹੁਸ਼ਿਆਰਪੁਰ: ਜ਼ਿਲ੍ਹੇ ਦੇ ਸ਼ਹਿਰ ਮਾਹਿਲਪੁਰ ਦੀ ਜੈਜੋਂ ਰੋਡ ਦੇ ਨਾਲ ਦੀ ਆਬਾਦੀ ਅਤੇ ਵਾਰਡ ਨੰਬਰ 01 ਅਤੇ 02 ਦੀਆਂ ਨਜ਼ਦੀਕੀ ਗਲੀਆਂ ਦੇ ਲੋਕਾਂ ਵਲੋਂ ਉਸ ਸਮੇਂ ਅਜੀਬ ਸਥਿਤੀ ਪੈਦਾ ਕਰ ਦਿੱਤੀ ਜਦੋਂ ਵਾਰਡ ਦੀਆਂ ਵੱਡੀ ਗਿਣਤੀ ਔਰਤਾਂ ਅਤੇ ਮਰਦਾਂ ਨੇ ਵਣਜਾਰਿਆਂ ਦੇ ਕਬੀਲੇ ਕੋਲ ਆ ਕੇ ਉਨ੍ਹਾਂ ਨੂੰ ਬੋਲ ਕਬੋਲ ਬੋਲਣੇ ਸ਼ੁਰੂ ਕਰ ਦਿੱਤੇ । ਵਾਰਡ ਵਾਸੀ ਨੇ ਇਲਜ਼ਾਮ ਲਗਾਇਆ ਕਿ ਵਣਜਾਰਿਆਂ ਦੀ ਵੱਡੀ ਗਿਣਤੀ ਵਾਰਡ ਦੇ ਖ਼ੁੱਲੇ ਪਲਾਟਾਂ ਵਿੱਚ ਹਨੇਰੇ ਸਵੇਰੇ ਪਾਖ਼ਾਨੇ ਕਰ ਰਹੇ ਹਨ, ਜਿਸ ਤੋਂ ਉੱਡਦੀ ਬਦਬੂ ਨਾਲ ਉਨ੍ਹਾਂ ਦਾ ਜੀਣਾ ਮੁਹਾਲ ਹੋ ਚੁੱਕਾ ਹੈ । ਵਾਰਡ ਵਾਸੀਆਂ ਵਲੋਂ ਲਗਾਏ ਇਨ੍ਹਾਂ ਇਲਜਾਮਾਂ ਨਾਲ ਨਗਰ ਪੰਚਾਇਤ ਵਲੋਂ ਸਵੱਛ ਭਾਰਤ ਅਧੀਨ ਜਿੱਤੇ ਚਾਰ ਦੇ ਕਰੀਬ ਇਨਾਮ 'ਤੇ ਵੀ ਕਈ ਸਵਾਲ ਖੜ੍ਹੇ ਹੁੰਦੇ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਸ਼ਾਮ ਵਾਰਡ ਨੰਬਰ ਇੱਕ ਵਿਚ ਮਾਮਲਾ ਉਸ ਸਮੇਂ ਗਰਮਾ ਗਿਆ ਜਦੋਂ ਵਾਰਡ ਦੀਆਂ ਔਰਤਾਂ ਨੇ ਇੱਕਠੀਆਂ ਹੋ ਕੇ ਵਣਜਾਰਿਆਂ ਦੇ ਡੇਰੇ 'ਤੇ ਧਾਵਾ ਬੋਲ ਦਿੱਤਾ ਅਤੇ ਦੋਸ਼ ਲਗਾਇਆ ਕਿ ਉਨ੍ਹਾਂ ਦੇ ਕਬੀਲੇ ਦੇ 250 ਦੇ ਕਰੀਬ ਵਿਅਕਤੀ ਜਿਨ੍ਹਾਂ ਵਿੱਚ ਔਰਤਾਂ ਅਤੇ ਬੱਚੇ ਸ਼ਾਮਲ ਹਨ ਰਾਤ ਬਰਾਤੇ ਵਾਰਡ ਵਿੱਚ ਪਏ ਖ਼ੁੱਲੇ ਪਲਾਟਾਂ ਵਿਚ ਜੰਗਲ ਪਾਣੀ ਜਾਂਦੇ ਹਨ ਅਤੇ ਉਨ੍ਹਾਂ ਵਲੋਂ ਕੀਤੇ ਪਾਖ਼ਾਨਿਆਂ ਨਾਲ ਵਾਰਡ ਵਿੱਚ ਹਰ ਸਮੇਂ ਬਦਬੂ ਫ਼ੈਲੀ ਰਹਿੰਦੀ ਹੈ ।
ਇਸ ਸਾਰੇ ਮੁੱਦੇ 'ਤੇ ਵਣਜਾਰਿਆਂ ਦੇ ਮੁਖ਼ੀ ਰਾਹੀ ਨੇ ਵੀ ਖ਼ੁੱਲੇ ਵਿੱਚ ਸ਼ੌਚ ਕਰਨ ਦਾ ਦੋਸ਼ ਸਵੀਕਾਰਦੇ ਹੋਏ ਦੱਸਿਆ ਕਿ ਉਨ੍ਹਾਂ ਕੋਲ ਜੰਗਲ ਪਾਣੀ ਲਈ ਕੋਈ ਵੀ ਥਾਂ ਨਹੀਂ ਹੈ ਅਤੇ ਨਗਰ ਪੰਚਾਇਤ ਵਲੋਂ ਜੋ ਥਾਵਾਂ ਪਾਖਾਨਿਆਂ ਲਈ ਜਨਤਕ ਕੀਤੀਆਂ ਹਨ, ਉਨ੍ਹਾਂ ਦੇ ਮਾਲਿਕ ਉਨ੍ਹਾਂ ਨੂੰ ਉੱਥੇ ਜਾਣ ਨਹੀਂ ਦਿੰਦੇ ।
ਨਗਰ ਪੰਚਾਇਤ ਮਾਹਿਲਪੁਰ ਅਤੇ ਸੱਤਾਧਾਰੀ ਪਾਰਟੀ ਦੇ ਆਗੂ ਇਹ ਦਾਅਵਾ ਕਰ ਰਹੇ ਹਨ ਉਨ੍ਹਾਂ ਦੇ ਸ਼ਹਿਰ ਵਿੱਚ ਕੋਈ ਵੀ ਵਿਅਕਤੀ ਖ਼ੁੱਲੇ ਵਿਚ ਪਖਾਨੇ ਨਹੀਂ ਜਾਂਦਾ ਅਤੇ ਹੁਣ ਨਗਰ ਪੰਚਾਇਤ ਰਾਸ਼ਟਰਪਤੀ ਅਵਾਰਡ ਲਈ ਅਰਜੀ ਦੇ ਰਿਹਾ ਹੈ । ਇਸ ਮਾਮਲੇ ਦੀ ਜਦੋਂ ਪੜਤਾਲ ਕੀਤੀ ਤਾਂ ਸਾਹਮਣੇ ਆਇਆ ਕਿ ਮਾਹਿਲਪੁਰ ਸ਼ਹਿਰ ਦੇ ਸਮੂਹ ਵਾਰਡਾਂ ਦੇ ਕੌਂਸਲਰਾਂ ਨੇ ਵੀ ਨਗਰ ਪੰਚਾਇਤ ਨੂੰ ਲਿਖ ਕੇ ਦਿੱਤਾ ਹੈ ਕਿ ਉਨ੍ਹਾਂ ਦੇ ਵਾਰਡ ਵਿੱਚ ਕੋਈ ਵੀ ਵਿਅਕਤੀ ਖ਼ੁੱਲੇ 'ਚ ਜੰਗਲ ਪਾਣੀ ਨਹੀਂ ਜਾਂਦਾ ਪਰੰਤੂ ਵਣਜਾਰਿਆਂ ਅਤੇ ਵਾਰਡ ਦੇ ਲੋਕਾਂ ਨੇ ਨਗਰ ਪੰਚਾਇਤ ਦੇ ਇਸ ਝੂਠ ਨੂੰ ਜੱਗ ਜ਼ਾਹਿਰ ਕਰ ਦਿੱਤਾ ।
ਇਸ ਸਬੰਧੀ ਜਦੋਂ ਕਾਰਜ ਸਾਧਕ ਅਫ਼ਸਰ ਰਾਮ ਪ੍ਰਕਾਸ਼ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਇਨ੍ਹਾਂ ਵਣਜਾਰਿਆਂ ਲਈ ਤਿੰਨ ਥਾਵਾਂ ਜਨਤਕ ਤੌਰ 'ਤੇ ਨਿਸ਼ਚਤ ਕੀਤੀਆਂ ਹਨ । ਜੇਕਰ ਕੋਈ ਇਨ੍ਹਾਂ ਨੂੰ ਪਾਖ਼ਾਨੇ ਲਈ ਇੰਨਕਾਰ ਕਰਦਾ ਹੈ ਤਾਂ ਉਸ ਵਿਰੁੱਧ ਉੱਚ ਅਦਾਲਤ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ । ਇਨ੍ਹਾਂ ਲਈ ਵੱਖ਼ਰੇ ਤੌਰ 'ਤੇ ਵੀ ਪਾਖ਼ਾਨਿਆਂ ਦਾ ਪ੍ਰਬੰਧਕ ਜਲਦ ਹੀ ਕੀਤਾ ਜਾ ਰਿਹਾ ਹੈ