ਹੁਸ਼ਿਆਰਪੁਰ: ਮੁਕੇਰੀਆ ਦਾ ਇਕ ਨੌਜਵਾਨ ਅੱਖਾਂ ਵਿੱਚ ਸੁਨਹਿਰੀ ਭਵਿੱਖ ਦੇ ਸੁਪਨੇ ਲੈ ਕੇ ਰੋਜ਼ੀ ਰੋਟੀ ਕਮਾਉਣ ਲਈ ਵਿਦੇਸ਼ ਗਿਆ ਸੀ ਪਰ ਏਜੰਟਾਂ ਵੱਲੋਂ ਕੀਤੀ ਧੋਖਾ ਧੜੀ ਕਾਰਨ ਅੱਧ ਵਾਟੇ ਹੀ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦਾ ਸਰੀਰ 2 ਮਹੀਨਿਆਂ ਦੀ ਕੜੀ ਮਸ਼ੱਕਤ ਤੋਂ ਬਾਅਦ ਘਰ ਮੁਕੇਰੀਆ ਪਹੁੰਚਿਆ ਜਿਸ ਤੋਂ ਬਾਅਦ ਘਰ ਵਿੱਚ ਮਾਹੌਲ ਗਮਗੀਨ ਹੋ ਗਿਆ।
ਇੰਝ ਏਜੰਟਾਂ ਨੇ ਕੀਤਾ ਧੋਖਾ
ਮ੍ਰਿਤਕ ਬਲਵਿੰਦਰ ਸਿੰਘ ਵਾਸੀ ਤਿਖੋਵਾਲ ਮੁਹੱਲਾ ਮੁਕੇਰੀਆਂ ਦਾ ਰਹਿਣ ਵਾਲਾ ਸੀ। ਮ੍ਰਿਤਕ ਨੌਜਵਾਨ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਜਲੰਧਰ ਵਿਖੇ ਨਿਜੀ ਕੰਪਨੀ ਵਿੱਚ ਕੰਮ ਕਰਦੇ ਬਲਵਿੰਦਰ ਸਿੰਘ ਦੀ ਨਾਲ ਦੇ ਲੜਕੇ ਵੱਲੋਂ ਪਹਿਚਾਣ ਜਲੰਧਰ ਵਾਸੀ ਲੜਕੀ ਏਜੰਟ ਨਾਲ ਪਿਛਲੇ ਸਾਲ ਹੋਈ ਸੀ। ਉਸ ਨੇ ਇੱਕ ਨੰਬਰ ਵਿੱਚ ਸਪੇਨ ਭੇਜਣ ਦੀ ਗੱਲ ਕਰਕੇ ਆਪਣੇ ਝਾਂਸੇ ਵਿੱਚ ਲੈ ਲਿਆ ਸੀ। ਪਰਿਵਾਰ ਵੱਲੋਂ ਸਮੇਂ ਸਮੇਂ ਤੇ ਪੈਸੇ ਦਿੱਤੇ ਗਏ ਤੇ ਏਜੰਟਾਂ ਵੱਲੋ ਦੋ ਮਹੀਨੇ ਬਾਅਦ ਦਿੱਲੀ ਤੋਂ ਸਪੇਨ ਦੀ ਥਾਂ ਯੂਕਰੇਨ ਫ਼ਲਾਈਟ ਰਾਹੀਂ ਭੇਜਿਆ ਗਿਆ। ਇੱਥੋਂ ਕੁੱਝ ਮਹੀਨੇ ਰੁਕਣ ਤੋਂ ਬਾਅਦ ਪੋਲੈਂਡ ਦੇ ਵਾਡਰ ਨੂੰ ਬਰਫੀਲੇ ਰਸਤੇ ਰਾਹੀਂ ਇੱਕ ਏਜੰਟ ਨਾਲ ਭੇਜ ਦਿੱਤਾ, ਜਿੱਥੋਂ ਜਾਂਦੇ ਸਮੇ ਬਲਵਿੰਦਰ ਦੀ ਮੌਤ ਹੋ ਗਈ। ਇਸਦੀ ਸੂਚਨਾ ਏਜੰਟ ਨੇ ਪਰਿਵਾਰ ਨੂੰ ਨਹੀਂ ਦਿੱਤੀ।
ਵਿਦੇਸ਼ ਤੋਂ ਸਿੱਖ ਸੰਸਥਾ ਨੇ ਕੀਤੀ ਮਦਦ
ਉਨਾਂ ਦੱਸਿਆ ਕਿ ਬਲਵਿੰਦਰ ਨੇ ਯੂਕਰੇਨ ਤੋਂ ਪੋਲੈਂਡ ਜਾਂਦੇ ਵੇਲ੍ਹੇ ਪਰਿਵਾਰ ਨਾਲ ਗੱਲ ਕੀਤੀ ਸੀ ਜੋ ਆਖ਼ਰੀ ਗੱਲਬਾਤ ਸੀ, ਇਸ ਤੋਂ ਬਾਅਦ ਉਸ ਨਾਲ ਕੋਈ ਸੰਪਰਕ ਨਹੀਂ ਹੋਇਆ। ਪਰਿਵਾਰ ਵੱਲੋਂ ਵਿਦੇਸ਼ ਵਿੱਚ ਸਿੱਖ ਸੰਸਥਾ ਨਾਲ ਸੰਪਰਕ ਕੀਤਾ ਤਾਂ ਬਲਵਿੰਦਰ ਦੀ ਮੋਬਾਈਲ ਲੋਕੇਸ਼ਨ ਤੋਂ ਉਸ ਦੀ ਮ੍ਰਿਤਕ ਦੇਹ ਦਾ ਪਤਾ ਚੱਲਿਆ ਜੋ ਵਾਪਸ ਘਰ ਪਹੁੰਚੀ ਅਤੇ ਸਸਕਾਰ ਕੀਤਾ ਗਿਆ।
ਬਲਵਿੰਦਰ ਸਿੰਘ ਦੇ ਭਰਾ ਗੁਰਵਿੰਦਰ ਸਿੰਘ ਨੇ ਪਰਿਵਾਰ ਏਜੰਟਾਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ।