ਹੁਸ਼ਿਆਰਪੁਰ: ਗੜ੍ਹਸ਼ੰਕਰ ਤੋਂ ਬੀਜੇਪੀ ਇੰਚਾਰਜ ਨਿਮਿਸ਼ਾ ਮਹਿਤਾ ਨੇ ਹਲਕੇ 'ਚ ਹਿਮਾਚਲ ਦੀ ਸਰਹੱਦ 'ਤੇ ਲੱਗੇ ਹੋਏ ਕਰੈਸ਼ਰਾਂ 'ਤੇ ਅਚਾਨਕ ਰੇਡ ਮਾਰੀ ਅਤੇ ਹਲਾਤਾਂ ਦਾ ਜਾਇਜ਼ਾ ਲਿਆ,ਉਨ੍ਹਾਂ ਪੱਤਰਕਾਰਾਂ ਦੀ ਟੀਮ ਨੂੰ ਨਾਲ ਲੈ ਕੇ ਬਕਾਇਦਾ ਪਿੰਡ ਰਾਮਪੁਰ ਬਿੱਲਾਂ ਤੋਂ ਪਹਾੜੀਆਂ ਅਤੇ ਜੰਗਲਾਂ ਨੂੰ ਸਾਫ਼ ਕਰਕੇ ਬਣਾਏ 20 ਫੁੱਟ ਚੌੜੇ ਰਸਤੇ ਦੀ ਮਿਣਤੀ ਕੀਤੀ। ਨਿਮਿਸ਼ਾ ਮਹਿਤਾ ਨੇ ਦੱਸਿਆ ਕਿ ਪਿੰਡ ਰਾਮਪੁਰ ਬਿਲੜੋਂ ਦੇ ਪਹਾੜਾਂ ਨੂੰ ਹਟਾ ਕੇ ਅਤੇ ਜੰਗਲ ਵਧਾ ਕੇ ਟਰੱਕਾਂ-ਟਿੱਪਰਾਂ ਦੇ ਲੰਘਣ ਲਈ 20 ਫੁੱਟ ਚੌੜੀ ਸੜਕ ਤਿਆਰ ਕੀਤੀ ਗਈ ਹੈ। ਮਿਲੀਭੁਗਤ ਨਾਲ ਗੜ੍ਹਸ਼ੰਕਰ 'ਚ ਜੰਗਲ ਉਜਾੜ ਕੇ ਪਹਾੜਾਂ ਨੂੰ ਖਤਮ ਕਰ ਰਹੀਆਂ ਹਨ। ਜਿਸ ਦੇ ਕਾਰਨ ਪਹਾੜ ਨੂੰ ਖਤਮ ਕਰਕੇ ਵਾਤਾਵਰਣ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ।
ਆਪਸੀ ਮਿਲੀਭੁਗਤ ਨਾਲ ਚੱਲ ਰਿਹਾ ਕਾਰੋਬਾਰ: ਇਸ ਦੌਰਾਨ ਪੱਤਰਕਾਰਾਂ ਨਾਲ ਗੱਲ ਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਹਿਮਾਚਲ ਪ੍ਰਦੇਸ਼ ਦੇ ਕਾਂਗਰਸ ਸਰਕਾਰ ਦੇ ਉੱਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਅਤੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਰੌੜੀ ਦੀ ਆਪਸੀ ਮਿਲੀਭੁਗਤ ਨਾਲ ਇਹ ਕਾਰੋਬਾਰ ਚੱਲ ਰਿਹਾ ਹੈ, ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਸੱਤਾ ਵਿਚ ਆਉਂਦੇ ਮਾਈਨਿੰਗ ਤੋਂ ਤਕਲੀਫ਼ ਬੰਦ ਹੋ ਗਈ ਹੈ। ਇਸ ਹੀ ਨਾਜਾਇਜ਼ ਮਾਈਨਿੰਗ ਤੇ ਮਾਈਨਿੰਗ ਮਾਫੀਆ ਖ਼ਿਲਾਫ਼ ਅਕਸਰ ਲੋਕਾਂ ਵੱਲੋਂ ਸਵਾਲ ਚੁੱਕੇ ਗਏ ਹਨ। ਅੱਗੇ ਭਾਜਪਾ ਆਗੂ ਨੇ ਕਿਹਾ ਕਿ ਕਿਸੇ ਵੀ ਕਾਨੂੰਨ ਤਹਿਤ ਕੋਈ ਵੀ ਪੰਚਾਇਤੀ ਰਾਜ ਵਿਭਾਗ ਹੋਵੇ ਜਾਂ ਫਿਰ ਜੰਗਲਾਤ ਵਿਭਾਗ, ਕੋਈ ਵੀ ਮਾਈਨਿੰਗ ਅਤੇ ਟਿੱਪਰਾਂ ਦੇ ਲਾਂਘੇ ਲਈ ਪਹਾੜ ਜਾਂ ਜੰਗਲ ਕੱਟ ਕੇ ਰਸਤਾ ਬਣਾਉਣ ਦੀ ਇਜਾਜ਼ਤ ਨਹੀਂ ਦੇ ਸਕਦਾ। ਉਨ੍ਹਾਂ ਕਿਹਾ ਕਿ ਹਲਕਾ ਗੜ੍ਹਸ਼ੰਕਰ ਦੀ ਨੰਗਲ ਰੋਡ ਦੀ ਬਰਬਾਦੀ, ਉਥੇ ਹੋਏ ਅਨੇਕਾਂ ਸੜਕ ਹਾਦਸੇ ਅਤੇ ਸੜਕ ਹਾਦਸਿਆਂ ਵਿਚ ਗਈਆਂ ਜਾਨਾਂ ਲਈ ਮਾਈਨਿੰਗ ਮਾਫੀਆ ਜ਼ਿੰਮੇਵਾਰ ਹੋਵੇਗਾ।
ਮਾਈਨਿੰਗ ਖ਼ਿਲਾਫ਼ ਧਾਰੀ ਚੁੱਪੀ: ਹਲਕਾ ਗੜ੍ਹਸ਼ੰਕਰ ਦੇ ਵਾਤਾਵਰਣ ਦੀ ਸੰਭਾਲ ਅਤੇ ਬਚਾਅ ਲਈ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੋੜੀ ਨੂੰ ਆਪ ਮੁੱਖ ਮੰਤਰੀ ਕੋਲ ਜਾ ਕੇ ਇਸ ਮਸਲੇ ਦੀ ਜਾਂਚ ਸ਼ੁਰੂ ਕਰਵਾਉਣੀ ਚਾਹੀਦੀ ਸੀ ਪਰ ਉਹ ਸੱਤਾ ਵਿਚ ਆਉਂਦੇ ਹੀ ਮਾਈਨਿੰਗ ਖ਼ਿਲਾਫ਼ ਚੁੱਪੀ ਧਾਰ ਕੇ ਬੈਠ ਗਏ ਹਨ। ਨਿਮਿਸ਼ਾ ਮਹਿਤਾ ਨੇ ਕਿਹਾ ਕਿ ਉਹ ਬਕਾਇਦਾ ਇਸ ਮਸਲੇ ਦੀ ਉੱਚ ਪੱਧਰੀ ਜਾਂਚ ਕਰਵਾਉਣਗੇ ਅਤੇ ਲੋਕਾਂ ਦੀਆਂ ਜਾਨਾਂ ਨਾਲ ਖਿਲਵਾੜ ਕਰਨ ਵਾਲੇ ਇਨ੍ਹਾਂ ਟਿੱਪਰਾਂ ਦਾ ਨਾਜਾਇਜ਼ ਲਾਂਘਾ ਬੰਦ ਕਰਵਾਉਣਗੇ। ਸਰਕਾਰਾਂ ਮਿਲੀ ਭੁਗਤ ਨਾਲ ਲੋਕਾਂ ਨੂੰ ਮੂਰਖ ਬਣਾ ਰਹੀਆਂ ਹਨ ਪਰ ਇਹ ਸਭ ਜ਼ਿਆਦਾ ਸਮੇਂ ਤੱਕ ਨਹੀਂ ਚੱਲੇਗਾ।