ਹੁਸ਼ਿਆਰਪੁਰ: ਸ਼ਹਿਰ ਵਿੱਚ ਨਿੱਤ ਦਿਨ ਹੋ ਰਹੀਆਂ ਚੋਰੀ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਅਜੇ ਕੁੱਝ ਦਿਨ ਪਹਿਲਾਂ ਹੀ ਸ਼ਹਿਰ 'ਚ ਹੋਈ ਲੁੱਟ ਦੀ ਇੱਕ ਵਾਰਦਾਤ ਨੂੰ ਹੁਸ਼ਿਆਰਪੁਰ ਪੁਲਿਸ ਸੁਲਝਾ ਨਹੀਂ ਸਕਦੀ ਹੈ ਕਿ ਸੋਮਵਾਰ ਨੂੰ ਚੋਰਾਂ ਨੇ ਸਿਵਲ ਹਸਪਤਾਲ 'ਚ ਖੜੀ ਇੱਕ ਕਾਰ ਨੂੰ ਨਿਸ਼ਾਨਾ ਬਣਾਉਂਦੇ ਹੋਏ 70 ਹਜ਼ਾਰ ਰੁਪਏ ਚੋਰੀ ਕਰ ਲਏ ਹਨ। ਪੁਲਿਸ ਨੇ ਅਣਪਛਾਤੇ ਚੋਰਾਂ ਵਿਰੁੱਧ ਕੇਸ ਦਰਜ ਕਰਕੇ ਜਾਂਚ ਅਰੰਭ ਦਿੱਤੀ ਹੈ।
ਚੋਰੀ ਦੀ ਘਟਨਾ ਬਾਰੇ ਕਾਰ ਮਾਲਕ ਬਲਜੀਤ ਸਿੰਘ ਨੇ ਦੱਸਿਆ ਕਿ ਉਹ ਸਿਵਲ ਹਸਪਤਾਲ ਵਿਖੇ ਨੌਕਰੀ ਕਰਦਾ ਹੈ। ਉਸ ਨੇ ਦੱਸਿਆ ਕਿ ਸਿਵਲ ਹਸਪਤਾਲ ਕਾਰ 'ਤੇ ਆਇਆ ਸੀ। ਇਸਤੋਂ ਪਹਿਲਾਂ ਉਹ ਬੈਂਕ ਵਿੱਚੋਂ ਸਵੇਰੇ 70 ਹਜ਼ਾਰ ਰੁਪਏ ਕਢਵਾ ਕੇ ਲਿਆਇਆ, ਜੋ ਉਸਨੇ ਕਾਰ ਵਿੱਚ ਹੀ ਰੱਖੇ ਸਨ ਅਤੇ ਹਸਪਤਾਲ ਵਿੱਚ ਕਾਰ ਖੜੀ ਕਰਕੇ ਅੰਦਰ ਚਲਾ ਗਿਆ।
ਉਸ ਨੇ ਦੱਸਿਆ ਕਿ ਇਸ ਦੌਰਾਨ ਉਸਨੂੰ ਹਸਪਤਾਲ ਦੇ ਕਿਸੇ ਕੰਮ ਲਈ ਬੈਂਕ ਵਿੱਚ ਜਾਣਾ ਪੈ ਗਿਆ ਅਤੇ ਉਹ ਡੇਢ ਕੁ ਘੰਟੇ ਬਾਅਦ ਵਾਪਸ ਆਇਆ। ਇਸ ਦੌਰਾਨ ਜਦੋਂ ਉਸ ਨੇ ਬਾਹਰ ਜਾ ਕੇ ਆਪਣੀ ਕਾਰ ਨੂੰ ਵੇਖਿਆ ਤਾਂ ਸ਼ੀਸ਼ਾ ਟੁੱਟਿਆ ਹੋਇਆ ਸੀ ਅਤੇ ਵਿੱਚ ਪਏ 70 ਹਜ਼ਾਰ ਰੁਪਏ ਦੀ ਨਕਦੀ ਗਾਇਬ ਸੀ। ਉਸਨੇ ਕਿਹਾ ਕਿ ਚੋਰਾਂ ਨੇ ਪਹਿਲਾਂ ਕਾਰ ਦਾ ਸ਼ੀਸ਼ਾ ਪੁੱਟਣ ਦੀ ਕੋਸ਼ਿਸ਼ ਕੀਤੀ, ਪਰ ਫਿਰ ਸ਼ੀਸ਼ਾ ਤੋੜ ਕੇ ਘਟਨਾ ਨੂੰ ਅੰਜਾਮ ਦਿੱਤਾ।
ਚੋਰੀ ਦੀ ਸੂਚਨਾ ਮਿਲਣ 'ਤੇ ਥਾਣਾ ਮਾਡਲ ਟਾਊਨ ਦੇ ਐੱਸਐੱਚਓ ਮਨਮੋਹਨ ਸਿੰਘ ਪਾਰਟੀ ਸਮੇਤ ਮੌਕੇ 'ਤੇ ਪੁੱਜੇ ਅਤੇ ਜਾਂਚ ਅਰੰਭ ਦਿੱਤੀ ਹੈ। ਇਸ ਸਬੰਧੀ ਐਸਐਚਓ ਮਨਮੋਹਨ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਜਾਂਚ ਅਰੰਭ ਦਿੱਤੀ ਹੈ ਅਤੇ ਛੇਤੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।