ਗੜ੍ਹਸ਼ੰਕਰ: ਸੂਬੇ ਵਿੱਚ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ 15 ਮਈ ਤੱਕ ਨਵੀਆਂ ਪਾਬੰਦੀਆਂ ਲਾਗੂ ਕੀਤੀਆਂ ਗਈਆਂ ਹਨ। ਹਾਲਾਂਕਿ ਜਰੂਰੀ ਵਸਤੂਆਂ ਦੀਆਂ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ। ਇਨ੍ਹਾਂ ਪਾਬੰਦੀਆਂ ਨੂੰ ਲੈਕੇ ਗੜ੍ਹਸ਼ੰਕਰ ਦੇ ਦੁਕਾਨਦਾਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਦੀ ਮੰਗ ਹੈ ਕਿ ਦੁਕਾਨਦਾਰਾਂ ਨੂੰ ਦੁਕਾਨਾਂ ਖੋਲ੍ਹਣ ਦੀ ਪ੍ਰਵਾਨਗੀ ਦਿੱਤੀ ਜਾਵੇ। ਜਿਸ ਨੂੰ ਲੈਕੇ ਪਿਛਲੇ ਦਿਨੀਂ ਦੁਕਾਨਦਾਰਾਂ ਵਲੋਂ ਐੱਸ.ਡੀ.ਐੱਮ ਨੂੰ ਮੰਗ ਪੱਤਰ ਵੀ ਦਿੱਤਾ ਗਿਆ ਸੀ।
ਇਸ ਸਬੰਧੀ ਐੱਸ.ਡੀ.ਐੱਮ ਦਫ਼ਤਰ ਅੱਗੇ ਇੱਕਠੇ ਹੋਕੇ ਦੁਕਾਨਦਾਰਾਂ ਵਲੋਂ ਫੈਸਲਾ ਲਿਆ ਗਿਆ ਕਿ ਜੇਕਰ ਪੰਜਾਬ ਸਰਕਾਰ ਵਲੋਂ ਗੜ੍ਹਸ਼ੰਕਰ 'ਚ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਨਹੀਂ ਦਿੱਤੀ ਤਾਂ ਉਹ ਸੋਮਵਾਰ ਨੂੰ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ। ਇਸ ਮੌਕੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਦੁਕਾਨਾਂ ਦਾ ਕੰਮ ਤਾਂ ਪਹਿਲਾਂ ਹੀ ਮੰਦੀ ਦੇ ਦੌਰ 'ਚੋਂ ਗੁਜਰ ਰਿਹਾ ਹੈ ਅਤੇ ਜਿਆਦਾਤਰ ਦੁਕਾਨਦਾਰ ਪਿਛਲੇ ਸਾਲ ਦੇ ਲੌਕਡਾਊਨ ਤੋਂ ਹੀ ਨਹੀਂ ਉਭਰੇ ਸਨ।
ਇਹ ਵੀ ਪੜ੍ਹੋ:ਮਜ਼ਬੂਰੀ ਨੇ ਮਾਸੂਮਾਂ ਨੂੰ ਸੜਕ ਕੰਢੇ ਲਾਇਆ ਸਮਾਨ ਵੇਚਣ
ਉਨ੍ਹਾਂ ਦਾ ਕਹਿਣਾ ਕਿ ਸਰਕਾਰ ਵੱਲੋਂ ਹੁਣ ਫਿਰ ਤੋਂ ਲੌਕਡਾਊਨ ਲਗਾਉਣ ਨਾਲ ਦੁਕਾਨਦਾਰਾਂ ਨੂੰ ਦੋ ਵਕਤ ਦੀ ਰੋਟੀ ਖਾਣੀ ਵੀ ਮੁਸ਼ਕਲ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਇੱਕ ਪਾਸੇ ਤਾਂ ਸੂਬਾ ਸਰਕਾਰ ਦੁਕਾਨਦਾਰਾਂ ਨੂੰ ਮੋਟੀ ਰਕਮ ਦੇ ਬਿਜਲੀ ਦੇ ਬਿੱਲ ਭੇਜ ਰਹੀ ਹੈ ਅਤੇ ਦੂਜੇ ਪਾਸੇ ਦੁਕਾਨਦਾਰਾਂ 'ਤੇ ਨਿੱਤ ਨਵੀਆਂ ਪਾਬੰਦੀਆਂ ਲਗਾ ਕੇ ਦੁਕਾਨਦਾਰਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ। ਉਨ੍ਹਾਂ ਦਾ ਕਹਿਣਾ ਕਿ ਜੇਕਰ ਸਰਕਾਰ ਵਲੋਂ ਉਨ੍ਹਾਂ ਦੀ ਗੱਲ ਨਾ ਸੁਣੀ ਗਈ ਤਾਂ ਉਹ ਪ੍ਰਦਰਸ਼ਨ ਕਰਨ ਲਈ ਮਜ਼ਬੂਰ ਹੋਣਗੇ।