ਹੁਸ਼ਿਆਰਪੁਰ: ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਕੁੱਲ ਹਿੰਦ ਕਿਸਾਨ ਸਭਾ ਤੇ ਕਿਰਤੀ ਕਿਸਾਨ ਯੂਨੀਅਨ ਵਲੋਂ ਗੜ੍ਹਸ਼ੰਕਰ ਵਿਖੇ ਤਰਸੇਮ ਸਿੰਘ ਦੀ ਪ੍ਰਧਾਨਗੀ ਹੇਠ ਬਾਬਾ ਗੁਰਦਿੱਤਾ ਸਿੰਘ ਪਾਰਕ ਤੋਂ ਬੰਗਾ ਚੌਂਕ ਤੱਕ ਰੋਸ ਮਾਰਚ ਕਰਕੇ ਬੰਗਾਂ ਚੌਂਕ ਵਿਚ ਮੋਦੀ, ਅਮਿਤ ਸ਼ਾਹ ਤੇ ਖੱਟਰ ਦੀਆਂ ਅਰਥੀਆਂ ਸਾੜੀਆਂ ਗਈਆਂ।
ਇਸ ਮੌਕੇ ਬੋਲਦਿਆਂ ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾਈ ਮੀਤ ਪ੍ਰਧਾਨ ਦਰਸ਼ਨ ਸਿੰਘ ਮੱਟੂ, ਗੁਰਨੇਕ ਸਿੰਘ ਭੱਜਲ ਤੇ ਕੁਲਵਿੰਦਰ ਚਾਹਿਲ ਨੇ ਕਿਹਾ ਕਿ ਲਖੀਮਪੁਰ ਖੀਰੀ ਦੀ ਘਟਨਾ ਤੋਂ ਇਹ ਪਤਾ ਲੱਗਦਾ ਹੈ, ਕਿ ਮੋਦੀ ਸਰਕਾਰ ਕਿਸਾਨੀ ਅੰਦੋਲਨ ਨੂੰ ਖ਼ਤਮ ਕਰਨ ਦੇ ਕਿਸ ਤਰ੍ਹਾਂ ਦੇ ਹੱਥਕੰਡੇ ਅਪਣਾ ਰਹੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦਾ ਅੰਨਦਾਤਾ ਉਦੋਂ ਤੱਕ ਸੰਘਰਸ਼ ਜਾਰੀ ਰੱਖੇਗਾ।
ਜਦੋਂ ਤੱਕ ਖੇਤੀਬਾੜੀ ਵਿਰੋਧੀ ਤਿੰਨ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ। ਉਕਤ ਆਗੂਆਂ ਨੇ ਕਿਹਾ ਕਿ ਲਖੀਮਪੁਰ ਦੀ ਘਟਨਾ ਦੇ ਸਬੰਧ ਵਿਚ ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਉਸ ਨੂੰ ਮੰਤਰੀ ਮੰਡਲ ਵਿਚੋਂ ਬਰਖ਼ਾਸਤ ਕੀਤਾ ਜਾਵੇ।
ਇਸ ਮੌਕੇ ਅੱਛਰ ਸਿੰਘ ਬਿਲੜੋ, ਹਰਭਜਨ ਸਿੰਘ, ਜੋਗਿੰਦਰ ਸਿੰਘ ਕੁੱਲੇਵਾਲ, ਸੁਰਿੰਦਰ ਕੌਰ ਚੁੰਬਰ, ਕਸ਼ਮੀਰ ਸਿੰਘ, ਗੋਪਾਲ, ਹਰਭਜਨ ਸਿੰਘ, ਕੁਲਦੀਪ ਸਿੰਘ, ਰੇਸ਼ਮ ਸਿੰਘ, ਚੋਧਰੀ ਕਿਸ਼ਨ, ਗੁਰਮੇਲ ਸਿੰਘ ਤੇ ਮਹਿੰਦਰ ਆਦਿ ਹਾਜ਼ਰ ਸਨ।