ਹੁਸ਼ਿਆਰਪੁਰ: ਚੀਨ ਤੋਂ ਫੈਲੇ ਕਰੋਨਾ ਵਾਇਰਸ ਦਾ ਅਸਰ ਹੁਣ ਹੁਸ਼ਿਆਰਪੁਰ ਵਿੱਚ ਵੇਖਣ ਨੂੰ ਮਿਲ ਰਿਹਾ ਹੈ। ਅਜਿਹੀ ਜਾਣਕਾਰੀ ਹੈ ਕਿ ਸਿਵਲ ਹਸਪਤਾਲ ਹੁਸ਼ਿਆਰਪੁਰ ਵਿੱਚ ਅਜਿਹਾ ਇੱਕ ਸ਼ੱਕੀ ਮਾਮਲਾ ਸਾਹਮਣੇ ਆਇਆ ਹੈ।
ਸਿਵਲ ਸਰਜਨ ਜਸਵੀਰ ਰਾਏ ਨੇ ਜਾਣਕਾਰੀ ਦਿੰਦਿਆ ਦੱਸਿਆ ਹੈ ਕਿ ਇੱਕ ਔਰਤ ਜੋ ਕੈਨੇਡਾ ਤੋਂ ਪੰਜਾਬ ਆਈ ਹੈ। ਉਸ ਦੀ ਸਿਹਤ ਖ਼ਰਾਬ ਹੋਣ ਕਾਰਨ ਉਸ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਲਿਆਂਦਾ ਗਿਆ ਤੇ ਦੱਸਿਆ ਕਿ ਉਸ ਔਰਤ ਨੂੰ ਆਮ ਜ਼ੁਕਾਮ ਹੈ। ਉਸ ਔਰਤ 'ਚ ਕਰੋਨਾ ਵਾਇਰਸ ਦੇ ਲੱਛਣ ਹਾਲੇ ਤੱਕ ਸਾਹਮਣੇ ਨਹੀ ਆਏ।
ਡਾਕਟਰ ਨੇ ਦੱਸਿਆ ਹੈ ਕਿ ਉਹ ਔਰਤ ਪਹਿਲਾ ਨਾਲੋਂ ਹੁਣ ਠੀਕ ਹੈ ਪਰ ਫਿਰ ਵੀ ਕੋਈ ਵੀ ਕੁਤਾਹੀ ਨਾ ਵਰਤਦੇ ਹੋਏ ਉਸ ਨੂੰ ਸਪੈਸ਼ਲ ਇਲਾਜ ਦੇ ਕੇ ਰੱਖਿਆ ਗਿਆ ਹੈ।
ਇਸ ਦੇ ਨਾਲ ਉਨ੍ਹਾਂ ਨੇ ਦੱਸਿਆ ਕਿ ਕਰੋਨਾ ਵਾਇਰਸ ਲਈ ਉਨ੍ਹਾਂ ਨੇ ਸਪੈਸ਼ਲ ਵਾਰਡ ਬਣਾਇਆ ਹੋਇਆ ਹੈ ਤੇ ਡਾਕਟਰਾਂ ਦੀ ਟੀਮ ਗਠਿਤ ਕਰ ਦਿੱਤੀ ਗਈ ਹੈ ਜੇ ਕੋਈ ਇਸ ਤਰ੍ਹਾਂ ਦਾ ਮਰੀਜ਼ ਸਾਹਮਣੇ ਆਉਂਦਾ ਹੈ ਤਾਂ ਉਸ ਨੂੰ ਪਹਿਲ ਦੇ ਆਧਾਰ 'ਤੇ ਦੇਖਿਆ ਜਾਵੇਗਾ।
ਦੱਸ ਦਈਏ ਕਿ ਕੋਰੋਨਾ ਵਾਇਰਸ ਹੋਰ ਵਾਇਰਸਾਂ ਨਾਲੋਂ ਵੱਖ ਹੈ ਜੋ ਕਿ ਸਭ ਤੋਂ ਪਹਿਲਾਂ ਚੀਨ ਵਿੱਚ ਪਾਇਆ ਗਿਆ ਹੈ। ਉਸ ਤੋਂ ਬਾਅਦ ਦੁਨੀਆ ਦੇ ਕਈ ਦੇਸ਼ਾਂ ਵਿੱਚ ਹੁਣ ਇਹ ਵਾਇਰਸ ਫੈਲ ਰਿਹਾ ਹੈ। ਡਾਕਟਰਾਂ ਦੀ ਮੰਨੀਏ ਤਾਂ ਬੁਖਾਰ, ਸਾਹ ਲੈਣ ਵਿੱਚ ਔਖ, ਸਰਦੀ, ਜ਼ੁਖਾਮ, ਖਾਂਸੀ, ਸਿਰ ਦਰਦ ਵਰਗੇ ਇਸ ਦੇ ਕਈ ਲੱਛਣ ਹਨ।
ਇਹ ਵੀ ਪੜੋ: ਕੋਰੋਨਾ ਵਾਇਰਸ ਤੋਂ ਘਬਰਾਉਣ ਦੀ ਲੋੜ ਨਹੀਂ, ਭਾਰਤ ਵਿਚ ਨਹੀਂ ਮਿਲਿਆ ਕੋਈ ਵੀ ਕੇਸ: ਹਰਸ਼ਵਰਧਨ
ਕੋਰੋਨਾ ਵਾਇਰਸ ਦੇ ਕਈ ਹੋਰ ਸ਼ੱਕੀ ਮਾਮਲੇ ਦਿੱਲੀ ਸਣੇ ਪੰਜਾਬ, ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ ਵਿੱਚ ਸਾਹਮਣੇ ਆ ਚੁੱਕੇ ਹਨ।