ਹੁਸ਼ਿਆਰਪੁਰ: ਭਾਰਤ ਦੀ ਪ੍ਰਮੁੱਖ ਅੰਤਰਿਕਸ਼ ਏਜੰਸੀ ਈਸਰੋ ਵੱਲੋਂ ਸਪੇਸ ਤਕਨਾਲੋਜੀ, ਸਪੇਸ ਵਿਗਿਆਨ ਅਤੇ ਸਪੇਸ ਬਾਰੇ ਬੁਨਿਆਦੀ ਗਿਆਨ ਪ੍ਰਦਾਨ ਕਰਨ ਲਈ ਸਕੂਲੀ ਬੱਚਿਆਂ ਲਈ ਯੰਗ ਸਾਇੰਟਿਸਟ ਪ੍ਰੋਗਰਾਮ ਯੁਵਿਕਾ 2023 ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਪ੍ਰੋਗਰਾਮ ਵਿੱਚ ਦੇਸ਼ ਭਰ ਦੇ 350 ਦੇ ਕਰੀਬ ਵਿਦਿਆਰਥੀ ਭਾਗ ਲੈਣਗੇ। ਇਸ ਪ੍ਰੋਗਰਾਮ 'ਚ ਭਾਗ ਲੈਣ ਲਈ ਪੰਜਾਬ ਭਰ ਚੋਂ ਮਹਿਜ਼ 10 ਵਿਦਿਆਰਥੀਆਂ ਦੀ ਹੀ ਚੋਣ ਹੋਈ ਹੈ। ਜਿਸ ਵਿੱਚੋਂ ਇਕ ਵਿਦਿਆਰਥਣ ਹੁਸ਼ਿਆਰਪੁਰ ਦੇ ਸਰਕਾਰੀ ਹਾਈ ਸਕੂਲ ਗੋਬਿੰਦਪੁਰ ਖੁਣ ਦੀ ਹੈ। ਸਰਕਾਰੀ ਸਕੂਲ ਦੀ ਵਿਦਿਆਰਥਣ ਸੁਖਦੀਪ ਦੀ ਨਿਯੁਕਤੀ ਉੱਤੇ ਜਿੱਥੇ ਸਕੂਲ ਪ੍ਰਸ਼ਾਸਨ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ, ਉਥੇ ਹੀ ਵਿਦਿਆਰਥਣ ਦੇ ਮਾਪਿਆਂ ਦੀ ਵੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਹੈ।
ਮਿਹਨਤ ਨੂੰ ਫਲ: ਸੁਖਦੀਪ ਦੀ ਨਿਯੁਕਤੀ ਉੱਤੇ ਸਕੂਲ ਮੁਖੀ ਸਮਰਿਤੂ ਰਾਣਾ, ਸਾਇੰਸ ਅਧਿਆਪਕ ਪਵਨਦੀਪ ਚੌਧਰੀ ਅਤੇ ਸੁਖਦੀਪ ਦੀ ਮਾਤਾ ਸੁਖਵਿੰਦਰ ਕੌਰ ਵੱਲੋਂ ਸੁਖਦੀਪ ਦਾ ਮੂੰਹ ਮਿੱਠਾ ਕਰਵਾਇਆ ਗਿਆ ਅਤੇ ਉਸਨੂੰ ਵਧਾਈ ਦਿੱਤੀ ਗਈ। ਮੀਡੀਆ ਨੂੰ ਜਾਣਕਾਰੀ ਦਿੰਦੇ ਸਾਇੰਸ ਅਧਿਆਪਕ ਪਵਨਦੀਪ ਚੌਧਰੀ ਨੇ ਦੱਸਿਆ ਕਿ ਸੁਖਦੀਪ ਇਸ ਪ੍ਰੋਗਰਾਮ ਵਿੱਚ ਭਾਗ ਲੈਣ ਲਈ ਪਿਛਲੇ ਕਾਫੀ ਲੰਮੇ ਸਮੇਂ ਤੋਂ ਮਿਹਨਤ ਕਰ ਰਹੀ ਸੀ। ਇਸੇ ਸਖ਼ਤ ਮਿਹਨਤ ਸਦਕਾ ਸੁਖਦੀਪ ਦਾ ਸੁਪਨਾ ਪੂਰਿਆ ਹੋਇਆ ਹੈ ਅਤੇ ਉਹ ਇਸ ਮੁਕਾਮ ਤੱਕ ਪਹੁੰਚ ਸਕੀ ਹੈ। ਉਧਰ ਦੂਜੇ ਪਾਸੇ ਸਕੂਲ ਮੁੱਖੀ ਨੇ ਆਖਿਆ ਕਿ ਸੁਖਦੀਪ ਨੇ ਸਰਕਾਰੀ ਸਕੂਲਾਂ ਦਾ ਮਾਣ ਵਧਾ ਦਿੱਤਾ ਹੈ ਇਸ ਸਫ਼ਲਤਾ ਲਈ ਸਕੂਲ ਮੁੱਖੀ ਵੱਲੋਂ ਸੁਖਦੀਪ ਨੂੰ ਮੁਬਾਰਕਬਾਦ ਦਿੱਤੀ ਗਈ।
ਸੁਖਦੀਪ ਦਾ ਸੁਪਨਾ: ਇਸ ਕਾਮਯਾਬੀ ਮੌਕੇ ਸੁਖਦੀਪ ਨੇ ਮੀਡੀਆ ਨਾਲ ਗੱਲ ਕਰਦੇ ਕਿਹਾ ਕਿ ਅੱਜ ਉਸ ਦਾ ਸੁਪਨਾ ਪੂਰਾ ਹੋ ਗਿਆ ਹੈ।ਉਸ ਨੇ ਦੱਸਿਆ ਕਿ ਉਸ ਨੇ ਇਸ ਸੁਪਨੇ ਨੂੰ ਪੂਰਾ ਕਰਨ ਲਈ ਬਹੁਤ ਸਖ਼ਤ ਮਿਹਨਤ ਕੀਤੀ ਹੈ। ਇਸੇ ਕਾਰਨ ਉਸ ਨੇ ਦਿਨ ਰਾਤ ਪੜਾਈ ਕੀਤੀ ਤਾਂ ਜੋ ਉਹ ਇਸਰੋ ਦੇ ਇਸ ਪ੍ਰੋਗਰਾਮ ਵਿੱਚ ਜਾ ਸਕੇ। ਸੁਖਦੀਪ ਨੇ ਕਿਹਾ ਕਿ ਉਸ ਦਾ ਭਵਿੱਖ ਵਿੱਚ ਡਾਕਟਰ ਬਣਨ ਦਾ ਸੁਪਨਾ ਹੈ ਤਾਂ ਜੋ ਉਹ ਵੱਧ ਤੋਂ ਵੱਧ ਲੋਕਾਂ ਦਾ ਇਲਾਜ ਕਰ ਸਕੇ। ਉਥੇ ਹੀ ਸੁਖਦੀਪ ਨੇ ਨੌਜਵਾਨਾਂ ਨੂੰ ਵੀ ਸਖ਼ਤ ਤੋਂ ਸਖ਼ਤ ਮਿਹਨਤ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਆਖਿਆ ਕਿ ਬਿਨ੍ਹਾਂ ਮਿਹਨਤ ਕੀਤੇ ਕੁੱਝ ਵੀ ਨਹੀਂ ਮਿਲਦਾ ਜੋ ਕੁੱਝ ਕੋਈ ਪ੍ਰਾਪਤ ਕਰਦਾ ਹੈ, ਕਿਸੇ ਵੱਡੇ ਮੁਕਾਮ ਤੱਕ ਪਹੁੰਚਦਾ ਹੈ ਤਾਂ ਉਸ ਕਾਮਯਾਬੀ ਪਿੱਛੇ ਉਸ ਇਨਸਾਨ ਵੱਲੋਂ ਮਿਹਨਤ ਕਰ-ਕਰ ਜਾਗ ਕੇ ਲੰਘਾਈਆਂ ਰਾਤਾਂ ਹੁੰਦੀਆਂ ਹਨ। ਇਸ ਲਈ ਉਸ ਨੇ ਨੌਜਵਾਨਾਂ ਨੂੰ ਕਿਹਾ ਕਿ ਉਹ ਬੁਰੇ ਕੰਮਾਂ ਤੋਂ ਦੂਰ ਰਹਿਣ ਅਤੇ ਆਪਣੇ ਸੁਪਨੇ ਪੂਰੇ ਕਰਨ ਵੱਲ ਧਿਆਮ ਦੇਣ।
ਇਹ ਵੀ ਪੜ੍ਹੋ: Google Chrome Update: ਗੂਗਲ ਨੇ ਜ਼ੀਰੋ ਡੇਅ ਬੱਗ ਨੂੰ ਠੀਕ ਕਰਨ ਲਈ ਐਮਰਜੈਂਸੀ ਅਪਡੇਟ ਕੀਤਾ ਜਾਰੀ