ਹੁਸ਼ਿਆਰਪੁਰ: ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਪੰਜਾਬ ਹੀ ਖੇਤੀ ਸੂਬਾ ਰਿਹਾ ਹੈ ਜਿਸ ਵਿੱਚ ਬਹੁਤ ਸਾਰੇ ਪਰਿਵਾਰ ਲਘੂ ਉਦਯੋਗ ਨਾਲ ਜੁੜੇ ਹੋਣ ਕਰਕੇ ਪੰਜਾਬ ਦੀ ਖੁਸ਼ਹਾਲੀ ਵਿੱਚ ਬਹੁਤ ਵੱਡਾ ਯੋਗਦਾਨ ਪਾਉਂਦੇ ਰਹੇ ਹਨ। ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਇੱਕ ਅਜਿਹਾ ਸ਼ਹਿਰ ਹੈ, ਜਿੱਥੇ ਜ਼ਿਆਦਾਤਰ ਪਰਿਵਾਰ ਹੈਂਡਮੇਡ ਕੱਪੜਾ ਬਣਾਉਣ ਦਾ ਕੰਮ ਕਰਦੇ ਸਨ। ਕੁਝ ਸਮਾਂ ਬਾਅਦ ਹੌਲੀ ਹੌਲੀ ਸਮੇਂ ਦੀਆਂ ਸਰਕਾਰਾਂ ਦੀ ਅਣਦੇਖੀ ਦਾ ਸ਼ਿਕਾਰ ਹੋਇਆ ਇਹ ਕੰਮ ਠੱਪ ਹੋ ਗਿਆ ਹੈ।
ਹੁਸ਼ਿਆਰਪੁਰ ਵਿੱਚ ਹੱਥੀਂ ਤਿਆਰ ਕੀਤਾ ਇਹ ਮਾਲ ਦੇਸ਼ ਦੇ ਵੱਖ-ਵੱਖ ਸੂਬਿਆਂ ਨੂੰ ਸਪਲਾਈ ਹੁੰਦਾ ਸੀ। ਇਹ ਵੀ ਕਿਹਾ ਜਾਂਦਾ ਹੈ ਕਿ ਇੱਥੇ ਤਿਆਰ ਕੱਪੜਾ ਪੂਰੇ ਏਸ਼ੀਆਂ ਵਿੱਚ ਪ੍ਰਸਿੱਧ ਰਿਹਾ ਹੈ। ਬਹੁਤ ਸਾਰੇ ਗ਼ਰੀਬ ਪਰਿਵਾਰਾਂ ਦਾ ਇਸ ਕਿੱਤੇ ਨਾਲ ਘਰ ਚੱਲਦਾ ਸੀ, ਪਰ ਸਮੇਂ 'ਚ ਤਬਦੀਲੀ ਨੇ ਲਿਆਂਦੀ ਮਹਿੰਗਾਈ ਅਤੇ ਨਵੀਆਂ ਤਕਨੀਕਾਂ ਨੇ ਇਸ ਕਾਰੋਬਾਰ ਨੂੰ ਖ਼ਤਮ ਕਰ ਦਿੱਤਾ ਹੈ।
ਪਿਛਲੇ 50 ਸਾਲਾਂ ਤੋਂ ਇਸ ਕਿੱਤੇ ਨਾਲ ਜੁੜੇ ਭੂਸ਼ਣ ਦਾ ਕਹਿਣਾ ਹੈ ਕਿ ਬਦਲਦੇ ਦੌਰ ਨਾਲ ਆਈਆਂ ਨਵੀਆਂ ਤਕਨੀਕਾਂ ਨੇ ਛੋਟੇ ਛੋਟੇ ਲਘੂ ਕਾਰੋਬਾਰੀ ਨੂੰ ਖ਼ਤਮ ਹੋਣ ਦੀ ਕਗਾਰ 'ਤੇ ਛੱਡ ਦਿੱਤਾ ਹੈ। ਪਾਵਰ ਲੂਮ ਖੱਡੀਆਂ ਵੀ ਇਨ੍ਹਾਂ ਚੋਂ ਇਕ ਹਨ। ਉਨ੍ਹਾਂ ਦੱਸਿਆਂ ਕਿ ਕਿਸੇ ਸਮੇਂ ਉਸ ਕੋਲ ਕਰੀਬ ਪੰਦਰਾਂ ਕਿਸਮ ਦਾ ਕੱਪੜਾ ਬਣਦਾ ਸੀ ਅਤੇ ਮਸ਼ੀਨਾਂ ਦੀ ਗਿਣਤੀ ਵੀ ਬਹੁਤ ਜ਼ਿਆਦਾ ਸੀ, ਪਰ ਅੱਜ ਇੱਕ ਹੀ ਕਿਸਮ 'ਤੇ ਸਿਮਟ ਕੇ ਰਹਿ ਗਿਆ ਹੈ। ਹੁਣ ਉਹ ਸਿਰਫ਼ 50 ਮਸ਼ੀਨਾਂ ਉੱਤੇ ਕੰਮ ਕਰ ਰਹੇ ਹਨ, ਤਾਂਕਿ ਸਿਰਫ਼ ਉਨ੍ਹਾਂ ਦਾ ਗੁਜ਼ਾਰਾ ਚੱਲ ਸਕੇ। ਭੂਸ਼ਣ ਦਾ ਕਹਿਣਾ ਹੈ ਕਿ ਇੱਕ ਸਮਾਂ ਸੀ, ਜਦੋਂ ਉਸ ਕੋਲ ਕਾਰੀਗਰਾਂ ਦੀ ਭਰਮਾਰ ਹੁੰਦੀ ਸੀ, ਪਰ ਅੱਜ ਉਨ੍ਹਾਂ ਨੂੰ ਇਕੱਲਿਆਂ ਹੀ ਇਸ ਕਿੱਤੇ ਨੂੰ ਚੱਲਾਉਣਾ ਪੈ ਰਿਹਾ ਹੈ।
ਮਾਲ ਵਿੱਚ ਆਈ ਕਮੀ ਅਤੇ ਸਮੇਂ ਦੀਆਂ ਸਰਕਾਰਾਂ ਵੱਲੋਂ ਅਣਦੇਖੀ ਨੇ ਇਸ ਕਿੱਤੇ ਨੂੰ ਖ਼ਤਮ ਕਰ ਦਿੱਤਾ ਹੈ। ਜੇਕਰ ਸਰਕਾਰ ਚਾਹੇ ਤਾਂ, ਇਨ੍ਹਾਂ ਲਘੂ ਉਦਯੋਗਾਂ ਵੱਲ ਧਿਆਨ ਦੇਵੇ ਤਾਂ, ਜਿੱਥੇ ਇਸ ਕੱਪੜੇ ਦੀ ਮੁੜ ਕੀਮਤ ਪਵੇਗੀ, ਉੱਥੇ ਹੀ ਕਈਆਂ ਨੂੰ ਰੁਜ਼ਗਾਰ ਵੀ ਪ੍ਰਾਪਤ ਹੋਵੇਗਾ।
ਇਹ ਵੀ ਪੜ੍ਹੋ: ਬਹਾਦਰਗੜ੍ਹ 'ਚ ਕੈਮੀਕਲ ਫੈਕਟਰੀ ਦਾ ਬਾਇਲਰ ਫੱਟਣ ਕਾਰਨ ਹੋਇਆ ਵੱਡਾ ਹਾਦਸਾ