ਹੁਸ਼ਿਆਰਪੁਰ : ਪੈਸਿਆਂ ਨੂੰ ਲੈ ਕੇ ਪੈਦਾ ਹੋਏ ਵਿਵਾਦ ਤੋਂ ਬਾਅਦ ਇਕ ਮਕਾਨ ਮਾਲਿਕ ਵਲੋਂ ਠੇਕੇਦਾਰ ਉੱਤੇ ਗੋਲੀ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਮਾਮਲਾ ਹੁਸ਼ਿਆਰਪੁਰ ਦੇ ਆਦਮਵਾਲ ਰੋਡ ਉੱਤੇ ਪੈਂਦੇ ਕੁਸ਼ਟ ਆਸ਼ਰਮ ਲਾਗੇ ਦਾ ਹੈ। ਜਾਣਕਾਰੀ ਮੁਤਾਬਿਕ ਇਸ ਫਾਇਰਿੰਗ ਦੌਰਾਨ ਕਿਸੇ ਨੂੰ ਵੀ ਗੋਲੀ ਨਹੀਂ ਲੱਗੀ ਹੈ ਅਤੇ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਹੈ। ਦੂਜੇ ਪਾਸੇ ਇਸਦੀ ਸੂਚਨਾ ਮਿਲਦਿਆਂ ਹੀ ਥਾਣਾ ਸਦਰ ਦੇ ਪੁਲਿਸ ਅਧਿਕਾਰੀ ਅਤੇ ਡੀਐਸਪੀ ਪਲਵਿੰਦਰ ਸਿੰਘ ਮੌਕੇ ਉੱਤੇ ਪਹੁੰਚ ਗਏ। ਪੁਲਿਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਘਰ ਬਣਾਉਣ ਦਾ ਲਿਆ ਗਿਆ ਠੇਕਾ : ਇਸ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਪੀੜਤ ਸੰਦੀਪ ਸੰਧੁ ਉਰਫ ਬੱਬੂ ਨੇ ਦੱਸਿਆ ਕਿ ਉਸ ਵਲੋਂ ਅਮਿਤ ਕੁਮਾਰ ਨਾਮ ਦੇ ਵਿਅਕਤੀ ਦਾ ਘਰ ਬਣਾਉਣ ਦਾ ਠੇਕਾ ਲਿਆ ਗਿਆ ਸੀ। ਇਹ ਠੇਕਾ 33 ਲੱਖ ਰੁਪਏ ਵਿੱਚ ਪੂਰਾ ਕੀਤਾ ਜਾਣਾ ਤੈਅ ਹੋਇਆ ਸੀ। ਉਸਨੇ ਦੱਸਿਆ ਕਿ ਇਸ ਵਿੱਚੋਂ 25 ਲੱਖ ਰੁਪਏ ਉਸ ਵਲੋਂ ਅਦਾ ਕਰ ਦਿੱਤੇ ਗਏ ਸਨ। ਇਸ ਤੋਂ ਇਲਾਵਾ ਬਾਕੀ ਰਹਿੰਦੀ ਰਕਮ ਨੂੰ ਲੈ ਕੇ ਉਸ ਵਲੋਂ ਟਾਲਮਟੋਲ ਕੀਤਾ ਜਾ ਰਿਹਾ ਸੀ। ਉਸਨੇ ਦੱਸਿਆ ਕਿ ਅੱਜ ਜਦੋਂ ਉਹ ਆਇਆ ਤਾਂ ਮਕਾਨ ਮਾਲਕ ਵਲੋਂ ਪਹਿਲਾਂ ਉਸਦੇ ਨਾਲ ਬਦਸਲੂਕੀ ਕੀਤੀ ਗਈ ਅਤੇ ਫਿਰ ਹੱਥੋਪਾਈ ਕਰਦਿਆਂ ਥੱਪੜ ਮਾਰੇ ਗਏ। ਉਸਨੇ ਦੱਸਿਆ ਕਿ ਇਸ ਤੋਂ ਬਾਅਦ ਵਿੱਚ ਊਸਦੇ ਪੁਤਰ ਵਲੋਂ ਪਿਸਤੌਲ ਲਿਆ ਕੇ ਫਾਇਰੰਗ ਸ਼ੁਰੂ ਕਰ ਦਿੱਤੀ ਗਈ, ਜਿਸ ਵਿੱਚ ਉਸ ਵਲੋਂ ਮਸਾਂ ਬਚਾਅ ਕੀਤਾ ਗਿਆ ਹੈ।
ਇਹ ਵੀ ਪੜ੍ਹੋ : Boy Finding Bride on Cycle: ਨੌਜਵਾਨ ਨੇ ਲਾੜੀ ਲੱਭਣ ਲਈ ਸ਼ੁਰੂ ਕੀਤੀ ਭਾਰਤ ਯਾਤਰਾ, ਸੱਚਾ ਪਿਆਰ ਕਰਨ ਵਾਲੀ ਕੁੜੀ ਦੀ ਭਾਲ
ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਡੀਐੱਸਪੀ ਪਲਵਿੰਦਰ ਸਿੰਘ ਨੇ ਕਿਹਾ ਹੈ ਕਿ ਉਨ੍ਹਾਂ ਕੋਲ ਇਸ ਸੰਬੰਧੀ ਸ਼ਿਕਾਇਤ ਆਈ ਸੀ। ਦੂਜੇ ਪਾਸੇ ਪੁਲਿਸ ਨੇ ਮੌਕੇ ਉੱਤੇ ਪਹੁੰਚ ਕੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੀੜਤਾਂ ਦੇ ਬਿਆਨ ਲੈ ਲਏ ਗਏ ਹਨ। ਇਸ ਮਾਮਲੇ ਵਿੱਚ ਜੋ ਵੀ ਦੋਸ਼ੀ ਪਾਇਆ ਜਾਵੇਗਾ, ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਹਾਲਾਂਕਿ ਦੂਜੇ ਪਾਸੇ ਇਹ ਵੀ ਯਾਦ ਰਹੇ ਕਿ ਪੰਜਾਬ ਵਿੱਚ ਅੰਮ੍ਰਿਤਪਾਲ ਸਿੰਘ ਦੇ ਮਾਮਲੇ ਵਿੱਚ ਪੁਲਿਸ ਵਲੋਂ ਲਗਾਤਾਰ ਕਾਰਵਾਈ ਵਿੰਢੀ ਗਈ ਹੈ। ਹਾਈਅਲਰਟ ਵੀ ਹੈ ਅਤੇ ਲੋਕਾਂ ਦੇ ਹਥਿਆਰਾਂ ਉੱਤੇ ਵੀ ਨਜਰ ਰੱਖੀ ਗਈ ਹੈ। ਪਰ ਇਸ ਮਾਮਲੇ ਨੇ ਇਕ ਵਾਰ ਫਿਰ ਪੁਲਿਸ ਪ੍ਰਸ਼ਾਸਨ ਦੀ ਸਖਤੀ ਉੱਤੇ ਸਵਾਲ ਖੜ੍ਹੇ ਕੀਤੇ ਹਨ।