ਹੁਸ਼ਿਆਰਪੁਰ: ਕੈਨੇਡਾ ਵਿੱਚ ਹੋਈਆਂ ਆਮ ਚੋਣਾਂ ਵਿਚ ਚੁਣੇ ਜਾਣ ਵਾਲੇ 18 ਸਾਂਸਦਾਂ ਵਿੱਚੋਂ 5 ਸੰਸਦ ਮੈਂਬਰ ਜ਼ਿਲ੍ਹਾ ਹੁਸ਼ਿਆਰਪੁਰ ਦੇ ਵੱਖ-ਵੱਖ ਇਲਾਕਿਆਂ ਨਾਲ ਸੰਬੰਧ ਰੱਖਦੇ ਹਨ। ਇਨ੍ਹਾਂ ਸਾਂਸਦਾਂ ਵਿੱਚ ਹੁਸ਼ਿਆਰਪੁਰ ਦੇ ਮੁਹੱਲਾ ਵਿਜੇ ਨਗਰ ਦੀ ਰੂਬੀ ਸਹੋਤਾ ਵੀ ਸਾਂਸਦ ਚੁਣੀ ਗਈ ਹੈ। ਮੁਹੱਲਾ ਵਾਸੀਆਂ ਵਿੱਚ ਇਸ ਨੂੰ ਲੈ ਕੇ ਕਾਫ਼ੀ ਖੁਸ਼ੀ ਦਾ ਮਾਹੌਲ ਹੈ।
ਹੁਸ਼ਿਆਰਪੁਰ ਦੇ ਮੁਹੱਲਾ ਵਿਜੇ ਨਗਰ ਵਿੱਚ ਸਥਿਤ ਰੂਬੀ ਸਹੋਤਾ ਦੇ ਘਰ ਦਾ ਨਾਂਅ ਸਹੋਤਾ ਫਾਰਮ ਰੱਖਿਆ ਗਿਆ ਹੈ। ਉਸ ਦੇ ਘਰ ਵਿੱਚ ਹੀ ਗੁਰਦੁਆਰਾ ਸਾਹਿਬ ਹੈ, ਜਿਥੇ ਸਵੇਰੇ ਸ਼ਾਮ ਗੁਰੂ ਕੀ ਬਾਣੀ ਨਾਲ ਸੰਗਤ ਨੂੰ ਨਿਹਾਲ ਕੀਤਾ ਜਾਂਦਾ ਹੈ। ਰੂਬੀ ਸਹੋਤਾ ਦੇ ਘਰ ਵਿੱਚ ਬਣੇ ਬਾਗ 'ਚ ਲੱਗੇ ਘਾਹ ਉੱਤੇ ਬਹੁਤ ਹੀ ਵਧੀਆ ਤਰੀਕੇ ਨਾਲ ਸਤਿਨਾਮ ਵਾਹਿਗੁਰੂ ਲਿਖਿਆ ਹੋਇਆ ਹੈ।
ਰੂਬੀ ਸਹੋਤਾ ਦੇ ਘਰ ਵਿੱਚ, ਹਾਲਾਂਕਿ ਕੋਈ ਪਰਿਵਾਰਿਕ ਮੈਂਬਰ ਨਹੀਂ ਸੀ, ਪਰ ਉਨ੍ਹਾਂ ਦੇ ਘਰ 'ਚ 25 ਸਾਲ ਤੋਂ ਰਹਿ ਰਹੇ ਸੁਰਿੰਦਰ ਕੁਮਾਰ ਹੈਪੀ ਦੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਵੇਖਣ ਨੂੰ ਮਿਲਿਆ। ਸਹੋਤਾ ਪਰਿਵਾਰ ਵਲੋਂ ਬਣਾਏ ਗਏ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਬਾਬਾ ਜੀ ਨੇ ਇਸ ਪਰਿਵਾਰ ਦਾ ਮੁਹੱਲੇ ਅਤੇ ਸਮਾਜਿਕ ਕੰਮਾਂ ਵਿੱਚ ਯੋਗਦਾਨ ਦੱਸਿਆ।