ਹੁਸ਼ਿਆਰਪੁਰ : ਪੰਜਾਬ ਦੇ ਲੋਕ ਆਪਣੇ ਚੰਗੇ ਭਵਿੱਖ ਲਈ ਵਿਦੇਸ਼ਾਂ ਦਾ ਰੁਖ ਕਰ ਰਹੇ ਹਨ ਅਤੇ ਆਪਣੀ ਮਿਹਨਤ ਨਾਲ ਕਮਾਈ ਜਮ੍ਹਾ-ਪੂੰਜੀ ਨੂੰ ਆਪਣੇ ਪੰਜਾਬ ਦੇ ਬੈਂਕਾਂ ਵਿੱਚ ਜਮ੍ਹਾ ਕਰ ਦਿੰਦੇ ਹਨ ਤਾਂਕਿ ਲੋੜ ਪੈਣ ਉੱਤੇ ਉਹ ਇਸ ਦੀ ਵਰਤੋਂ ਕਰ ਸਕਣ, ਪਰ ਕੁਝ ਸਰਕਾਰੀ ਬੈਂਕਾਂ ਦੇ ਬਾਬੂਆਂ ਵਲੋਂ ਉਨ੍ਹਾਂ ਦੇ ਪੈਸੇ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਅਜਿਹਾ ਹੀ ਦੇਖਣ ਨੂੰ ਮਿਲਿਆ ਸਬ-ਡਵੀਜ਼ਨ ਗੜ੍ਹਸ਼ੰਕਰ ਦੇ ਪਿੰਡ ਮੋਰਾਂਵਾਲੀ ਵਿਖੇ। ਜਿਥੇ ਇੱਕ ਯੂ.ਕੇ. ਰਹਿੰਦੇ ਬਜ਼ੁਰਗ ਨਾਲ ਪੰਜਾਬ ਨੈਸ਼ਨਲ ਬੈਂਕ ਦੇ ਖਾਤੇ 'ਚੋਂ 66 ਲੱਖ ਦੀ ਠੱਗੀ ਵੱਜਣ ਦਾ ਮਾਮਲਾ ਸਾਹਮਣੇ ਆਇਆ ਹੈ |
ਦਰਅਸਲ ਇੱਕ ਹਫ਼ਤਾ ਪਹਿਲਾਂ ਇੰਗਲੈਂਡ ਤੋਂ ਵਾਪਸ ਪਿੰਡ ਪਰਤੇ ਬਲਵੰਤ ਸਿੰਘ ਸੋਹਲ ਪੁੱਤਰ ਦਲੀਪ ਸਿੰਘ ਵਾਸੀ ਪਿੰਡ ਮੋਰਾਂਵਾਲੀ ਨੂੰ ਬੈਂਕ ਦੀ ਪਾਸਬੁੱਕ ਦੇਖ ਉਸ ਸਮੇਂ ਹੱਥਾਂ ਪੈਰ੍ਹਾਂ ਦੀ ਪੈ ਗਈ, ਜਦੋਂ ਉਸ ਦੀ ਨਜ਼ਰ ਖ਼ਾਤੇ ਵਿੱਚ 2 ਵਾਰ ਕਿਸੇ ਹੋਰ ਖ਼ਾਤੇ ਵਿੱਚ ਟਰਾਂਸਫਰ ਕੀਤੀ 66 ਲੱਖ ਦੀ ਰਕਮ 'ਤੇ ਪਈ।
ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਬਲਵੰਤ ਸਿੰਘ ਸੋਹਲ ਨੇ ਦੱਸਿਆ ਕਿ ਉਸ ਦਾ ਪਿੰਡ ਵਿੱਚ ਹੀ ਚੱਲਦੀ ਪੰਜਾਬ ਨੈਸ਼ਨਲ ਬੈਂਕ ਦੀ ਬਰਾਂਚ ਵਿੱਚ ਐੱਨ.ਆਰ.ਆਈ. ਖਾਤਾ ਚੱਲਦਾ ਹੈ। ਉਨ੍ਹਾਂ ਦੱਸਿਆ ਕਿ ਮੇਰੇ ਖ਼ਾਤੇ ਵਿੱਚੋਂ 6 ਦਸੰਬਰ 2019 ਨੂੰ ਚੈੱਕ ਨੰਬਰ 622196 ਰਾਹੀਂ 39, 50, 000 ਦੀ ਰਕਮ ਐੱਚ.ਡੀ.ਐੱਫ.ਸੀ. ਬੈਂਕ ਦੇ ਖ਼ਾਤੇ ਵਿੱਚ ਸੰਧਿਆ ਨਾਂਅ ਦੇ 'ਤੇ ਟਰਾਂਸਫਰ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ 11 ਦਸੰਬਰ 2019 ਨੂੰ ਫ਼ਿਰ ਚੈੱਕ ਨੰਬਰ 662198 ਰਾਹੀਂ ਉਸੇ ਖਾਤੇ ਵਿੱਚ 26,50,000 ਦੀ ਰਕਮ ਟਰਾਂਸਫਰ ਕੀਤੀ ਗਈ। ਖ਼ਾਤੇ ਵਿੱਚੋਂ ਨਿਕਲੀ ਰਕਮ ਸਬੰਧੀ ਬੈਂਕ ਦੀ ਪਾਸਬੁੱਕ ਦਿਖਾਉਂਦੇ ਹੋਏ ਬਲਵੰਤ ਸਿੰਘ ਸੋਹਲ ਨੇ ਦੱਸਿਆ ਕਿ ਮੇਰੇ ਨਾਲ 66 ਲੱਖ ਰੁਪਏ ਦੀ ਠੱਗੀ ਮਿਲੀਭੁਗਤ ਨਾਲ ਹੋਈ ਹੈ।
ਤੁਹਾਨੂੰ ਦੱਸ ਦਈਏ ਕਿ ਬਲਵੰਤ ਸਿੰਘ ਸੋਹਲ ਨੇ ਆਪਣੇ ਨਾਲ ਵੱਜੀ ਠੱਗੀ ਦੀ ਘਟਨਾ ਸਬੰਧੀ ਗੜ੍ਹਸ਼ੰਕਰ ਪੁਲਿਸ ਤੋਂ ਇਲਾਵਾ ਐੱਸ.ਐੱਸ.ਪੀ. ਹੁਸ਼ਿਆਰਪੁਰ ਅਤੇ ਚੀਫ਼ ਮੈਨੇਜਰ ਪੰਜਾਬ ਨੈਸ਼ਨਲ ਬੈਂਕ ਹੁਸ਼ਿਆਰਪੁਰ ਨੂੰ ਦਰਖ਼ਾਸਤ ਦੇ ਕੇ ਇਨਸਾਫ਼ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ : NRI ਜੋੜੇ ਤੋਂ ਖੋਹ ਕਰਨ ਵਾਲੇ ਮੁਲਜ਼ਮ 12 ਘੰਟਿਆਂ 'ਚ ਗ੍ਰਿਫ਼ਤਾਰ
ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਬਲਵੰਤ ਸਿੰਘ ਨੇ ਕਿਹਾ ਕਿ ਬੈਂਕ ਮੁਲਾਜ਼ਮਾਂ ਦੀ ਕਥਿਤ ਮਿਲੀਭੁਗਤ ਤੋਂ ਬਗੈਰ ਐਨੀ ਮੋਟੀ ਰਕਮ ਕਿਸੇ ਹੋਰ ਖ਼ਾਤੇ ਵਿੱਚ ਤਬਦੀਲ ਨਹੀਂ ਹੋ ਸਕਦੀ।
ਇਸ ਸਬੰਧੀ ਜਦੋਂ ਗੜ੍ਹਸ਼ੰਕਰ ਦੇ ਡੀਐੱਸਪੀ ਸਤੀਸ਼ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਬਲਵੰਤ ਸਿੰਘ ਸੋਹਲ ਦੀ ਸ਼ਿਕਾਇਤ ਦੇ ਆਧਾਰ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ, ਜੋ ਵੀ ਇਸ ਸਬੰਧੀ ਦੋਸ਼ੀ ਪਾਇਆ ਗਿਆ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।