ਹੁਸ਼ਿਆਰਪੁਰ: ਪਾਣੀ ਸਾਡੇ ਜਿੰਦਗੀ ਜਿਊਣ ਦਾ ਅਧਾਰ ਹੈ। ਪਾਣੀ ਤੋਂ ਬਿਨ੍ਹਾ ਰਹਿਣਾ ਬਹੁਤ ਮੁਸ਼ਕਿਲ ਹੈ। ਉੱਥੇ ਹੀ ਸਬ ਡਵੀਜਨ ਗੜ੍ਹਸ਼ੰਕਰ ਦੇ ਅਧੀਨ ਆਉਂਦੇ ਤਿੰਨ ਪਿੰਡ ਕਾਲੇਵਾਲ, ਲੱਲੀਆਂ ਤੇ ਖਾਬੜਾ ਨੂੰ ਪਾਣੀ ਦੀ ਬੂੰਦ ਬੂੰਦ ਨੂੰ ਤਰਸ਼ ਰਹੇ ਹਨ। ਇਨ੍ਹਾ ਪਿੰਡਾਂ ਦੀ ਪਾਣੀ ਦੀ ਸਪਲਾਈ ਪਿਛਲੇ 5 ਦਿਨਾਂ ਤੋਂ ਠੱਪ ਹੋਣ ਕਾਰਨ ਲੋਕਾਂ ਨੇ ਸਰਕਾਰ ਤੇ ਮਹਿਕਮੇ ਖਿਲਾਫ਼ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਪਿੰਡ ਵਾਸੀਆਂ ਨੇ ਦੱਸਿਆ ਕਿ ਪਾਣੀ ਦੀ ਸਪਲਾਈ ਠੱਪ ਹੋਣ ਕਾਰਨ ਵਿਭਾਗ ਨੇ ਕੋਈ ਅਸਥਾਈ ਪ੍ਰਬੰਧ ਨਹੀਂ ਕੀਤਾ ਜਿਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ|ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਲੋਕਾਂ ਨੂੰ ਸੱਚੀ ਸੇਵਾ ਸੁਸਾਇਟੀ ਵਲੋਂ ਲਖਵਿੰਦਰ ਸਿੰਘ ਲੱਖੀ ਤੇ ਹੋਰਾਂ ਵਲੋਂ ਟੈਂਕਰਾਂ ਰਾਹੀਂ ਪਾਣੀ ਪਹੁੰਚਾਇਆ ਜਾ ਰਿਹਾ ਹੈ|
ਲੋਕਾਂ ਦੀ ਸਮੱਸਿਆ ਨੂੰ ਲੈ ਕੇ ਪਿੰਡ ਪਹੁੰਚੀ ਕਾਮਰੇਡ ਦਰਸ਼ਨ ਸਿੰਘ ਮੱਟੂ ਆਗੂ ਕੰਢੀ ਸੰਘਰਸ਼ ਕਮੇਟੀ ਤੇ ਸੁਭਾਸ਼ ਮੱਟੂ ਸੂਬਾਈ ਆਗੂ ਜਨਵਾਦੀ ਇਸਤਰੀ ਸਭਾ ਨੇ ਸੂਬਾ ਸਰਕਾਰ ਅਤੇ ਜਲ ਸਪਲਾਈ ਮਹਿਕਮੇ ਦੇ ਅਧਿਕਾਰੀਆਂ ਨੂੰ ਲੰਮੇ ਹੱਥੀ ਲੈਂਦਿਆਂ ਪਾਣੀ ਦੀ ਸਪਲਾਈ ਤੁਰੰਤ ਚਾਲੂ ਕਰਨ ਦੀ ਮੰਗ ਕੀਤੀ |