ਹੁਸ਼ਿਆਰਪੁਰ: ਕਸਬਾ ਟਾਂਡਾ ਦੇ ਪਿੰਡ ਗਿਲਜੀਆਂ ਵਿੱਚ ਦਿਨ-ਦਿਹਾੜੇ ਹਥਿਆਰਾਂ ਦੇ ਜ਼ੋਰ 'ਤੇ ਵੱਡੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ।
ਮਿਲੀ ਜਾਣਕਾਰੀ ਮੁਤਾਬਕ ਟਾਂਡਾ ਦੇ ਪਿੰਡ ਗਿਲਜੀਆਂ 'ਚ ਤਿੰਨ ਨਕਾਬਪੋਸ਼ ਲੁਟੇਰਿਆਂ ਨੇ ਇੰਡੀਅਨ ਓਵਰਸੀਜ਼ ਬੈਂਕ 'ਚ ਪਿਸਤੌਲ ਦੀ ਨੋਕ 'ਤੇ ਲੁੱਟ ਦੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਵਾਰਦਾਤ ਸਵੇਰੇ 11 ਵਜੇ ਦੇ ਕਰੀਬ ਉਸ ਸਮੇਂ ਹੋਈ ਜਦੋਂ ਮੋਟਰਸਾਈਕਲ ਸਵਾਰ ਤਿੰਨ ਨਕਾਬਪੋਸ਼ ਬੈਂਕ 'ਚ ਦਾਖਲ ਹੋਏ ਅਤੇ ਆਉਂਦਿਆਂ ਹੀ ਬੈਂਕ 'ਚ ਮੌਜੂਦ ਕੈਸ਼ੀਅਰ ਦੀਨ ਦਿਆਲ ਅਤੇ ਦਰਜਾ ਚਾਰ ਕਰਮਚਾਰੀ ਰਵੀ ਕੁਮਾਰ 'ਤੇ ਪਿਸਤੌਲ ਤਾਨ ਕੇ ਕੈਸ਼ ਕੱਢਣ ਲਈ ਕਿਹਾ।
ਲੁਟੇਰੇ ਬੈਂਕ 'ਚ ਮੌਜੂਦ ਦੋਵੇਂ ਕਰਮਚਾਰੀਆਂ ਕੋਲੋਂ ਹਥਿਆਰਾਂ ਦੇ ਜ਼ੋਰ 'ਤੇ ਲਗਭਗ 11 ਲੱਖ ਰੁਪਏ ਲੁੱਟ ਕੇ ਫ਼ਰਾਰ ਹੋ ਗਏ। ਵਾਰਦਾਤ ਦੇ ਸਮੇ ਬੈਂਕ ਮੈਨੇਜਰ ਪਵਨ ਕੁਮਾਰ ਨਜ਼ਦੀਕੀ ਪਿੰਡ 'ਚ ਹੀ ਕਿਸੇ ਗ੍ਰਾਹਕ ਕੋਲ ਗਿਆ ਹੋਇਆ ਸੀ ਅਤੇ ਬੈਂਕ ਵਿੱਚ ਕੋਈ ਸੁਰੱਖਿਆ ਗਾਰਡ ਵੀ ਨਹੀਂ ਸੀ।
ਲੁੱਟ ਦੀ ਵਾਰਦਾਤ ਦੀ ਸੂਚਨਾ ਮਿਲਦੇ ਹੀ ਡੀਐਸਪੀ ਟਾਂਡਾ ਦਲਜੀਤ ਸਿੰਘ ਖੱਖ ਅਤੇ ਥਾਣਾ ਮੁਖੀ ਇੰਸਪੈਕਟਰ ਬਿਕਰਮ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਸੀਸੀਟੀਵੀ ਫੁਟੇਜ ਦੀ ਮਦਦ ਨਾਲ ਤਫਤੀਸ਼ ਆਰੰਭ ਦਿੱਤੀ ਹੈ।