ਹੁਸ਼ਿਆਰਪੁਰ: ਜ਼ਿਲ੍ਹੇ ਦੇ ਮਾਹਿਲਪੁਰ ਵਿਖੇ ਉਸ ਸਮੇਂ ਲੋਕਾਂ ਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਜਦੋ ਸ਼ਹਿਰ ਦੀਆਂ ਵੱਖ ਵੱਖ ਥਾਵਾਂ ’ਤੇ ਖਾਲਿਸਤਾਨੀ ਪੱਖੀ ਨਾਅਰੇ ਲਿਖੇ ਹੋਏ ਮਿਲੇ। ਫਿਲਹਾਲ ਪੁਲਿਸ ਨੇ ਇਸ ਸਬੰਧੀ ਕਾਰਵਾਈ ਕਰਦੇ ਹੋਏ ਇਨ੍ਹਾਂ ਨਾਅਰਿਆ ਨੂੰ ਕਾਲੀ ਸਿਆਹੀ ਨਾਲ ਮਿਟਾਇਆ ਅਤੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।
ਇਸ ਸਬੰਧੀ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜਿਵੇਂ ਹੀ ਉਹ ਆਪਣੇ ਕੰਮਾਂ ਕਾਰਾਂ ਅਤੇ ਸਵੇਰ ਦੀ ਸੈਰ ਲਈ ਘਰੋਂ ਬਾਹਰ ਆਏ ਤਾਂ ਉਨ੍ਹਾਂ ਨੇ ਵੱਖ ਵੱਖ ਥਾਵਾਂ ’ਤੇ ਖਾਲਿਸਤਾਨੀ ਨਾਅਰਿਆਂ ਨੂੰ ਲਿਖਿਆ ਹੋਇਆ ਦੇਖਿਆ। ਜਿਸਦੀ ਜਾਣਕਾਰੀ ਉਨ੍ਹਾਂ ਨੂੰ ਤੁਰੰਤ ਪੁਲਿਸ ਅਧਿਕਾਰੀਆਂ ਨੂੰ ਦਿੱਤੀ।
ਦੂਜੇ ਪਾਸੇ ਮਾਮਲੇ ਸਬੰਧੀ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਨਾਅਰਿਆਂ ਨੂੰ ਲਿਖਣ ਵਾਲੇ ਸੀਸੀਟੀਵੀ ਕੈਮਰੇ ਚ ਕੈਦ ਹੋ ਗਏ ਹਨ। ਇਨ੍ਹਾਂ ਥਾਵਾਂ ’ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਨਾਅਰਿਆਂ ਨੂੰ ਲਿਖਣ ਵਾਲੇ ਇੱਕ ਮੋਟਰਸਾਈਕਲ ’ਤੇ ਸਵਾਰ ਤਿੰਨ ਨੌਜਵਾਨਾਂ ਦੀ ਭਾਲ ਕੀਤੀ ਜਾ ਰਹੀ ਹੈ।
ਦੱਸ ਦਈਏ ਕਿ ਖਾਲਿਸਤਾਨ ਦੇ ਨਾਅਰੇ ਸ਼ਹਿਰ ਦੀ ਸਿਵਲ ਹਸਪਤਾਲ ਰੋਡ ’ਤੇ ਪੈਂਦੇ ਜਲ ਸਪਲਾਈ, ਸਿਵਲ ਹਸਪਤਾਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਨਜ਼ਦੀਕ, ਜੇਜੋਂ ਰੋਡ ’ਤੇ ਗੁਰਦੁਆਰਾ ਸ਼ਹੀਦਾਂ ਨੂੰ ਜਾਂਦੀ ਸੜਕ ’ਤੇ ਬਣੇ ਸਵਾਗਤੀ ਗੇਟ ਸਣੇ ਕਰੀਬ ਕਈ ਥਾਵਾਂ ’ਤੇ ਲਿਖ਼ੇ ਹੋਏ ਮਿਲੇ ਸੀ ਜਿਨ੍ਹਾਂ ਨੂੰ ਕਾਲੀ ਸਿਆਹੀ ਨਾਲ ਮਿਟਾਇਆ ਗਿਆ।