ਹੁਸ਼ਿਆਰਪੁਰ: ਇੱਕ ਪਾਸੇ ਜਿੱਥੇ ਕੋਰੋਨਾ ਮਹਾਂਮਾਰੀ ਦੌਰਾਨ ਦੇਸ਼ ਭਰ ਦੇ ਡਾਕਟਰ ਫਰੰਟ ਲਾਈਨ 'ਤੇ ਕੋਰੋਨਾ ਵਿਰੁੱਧ ਜੰਗ ਲੜ ਰਹੇ ਹਨ, ਉੱਥੇ ਹੀ ਦੂਜੇ ਪਾਸੇ ਕੁਝ ਅਜਿਹੇ ਮਨਚਲੇ ਲੋਕ ਵੀ ਹਨ ਜੋ ਇਸ ਮੁਸ਼ਕਿਲ ਘੜੀ ਦੌਰਾਨ ਵੀ ਡਾਕਟਰਾਂ ਨੂੰ ਤੰਗ ਪ੍ਰੇਸ਼ਾਨ ਕਰਨ 'ਚ ਲੱਗੇ ਹੋਏ ਹਨ।
ਅਜਿਹਾ ਹੀ ਇੱਕ ਤਾਜ਼ਾ ਮਾਮਲਾ ਉਸ ਸਮੇਂ ਮਾਹਿਲਪੁਰ 'ਚ ਦੇਖਣ ਨੂੰ ਮਿਲਿਆ ਜਦੋਂ ਮਹਿਲਾ ਡਾਕਟਰ ਨਾਲ ਰੋਜ਼ਾਨਾ ਹੀ ਤੰਗ ਪ੍ਰੇਸ਼ਾਨ ਕਰਨ ਅਤੇ ਦਵਾਈ ਲੈਣ ਬਹਾਨੇ ਤਰ੍ਹਾਂ-ਤਰ੍ਹਾਂ ਦੀਆਂ ਹਰਕਤਾਂ ਕਰਨ ਵਾਲਾ ਕਥਿਤ ਵਿਅਕਤੀ ਪੁਲਿਸ ਦਾ ਘੇਰਾ ਦੇਖ ਕੇ ਫ਼ਰਾਰ ਹੋ ਗਿਆ।
ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ ਮਾਹਿਲਪੁਰ ਵਿਖੇ ਤਾਇਨਾਤ ਡਾਕਟਰ ਡਿੰਪਲ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਪਿੰਡ ਮਹਿਰੋਵਾਲ ਦਾ ਸੱਤਪਾਲ ਇੱਕ ਸੜਕ ਹਾਦਸੇ ਦੇ ਪੀੜਤਾ ਨਾਲ ਹਸਪਤਾਲ ਆਇਆ ਸੀ ਅਤੇ ਉਸ ਤੋਂ ਬਾਅਦ ਉਸ ਨੇ ਉਸ ਦੀ ਡਿਊਟੀ ਦੀ ਸਮਾਂ ਸਾਰਨੀ ਗੁਪਤ ਰੂਪ 'ਚ ਚੈੱਕ ਕਰਕੇ ਬਹਾਨੇ ਲਗਾ ਕੇ ਹਸਪਤਾਲ ਆਉਣਾ ਸ਼ੁਰੂ ਕਰ ਦਿੱਤਾ ਅਤੇ ਦਵਾਈ ਲੈਂਦੇ ਸਮੇਂ ਉਸ ਨੂੰ ਤਰ੍ਹਾਂ-ਤਰ੍ਹਾਂ ਦੇ ਇਸ਼ਾਰੇ ਕਰਨੇ ਸ਼ੁਰੂ ਕਰ ਦਿੱਤੇ, ਜਿਸ ਉਪਰੰਤ ਉਸ ਨੇ ਤੰਗ ਆ ਕੇ ਇਸ ਦੀ ਸ਼ਿਕਾਇਤ ਪੁਲਿਸ ਕੋਲ ਦਿੱਤੀ ਪਰ 13 ਦਿਨ ਬੀਤ ਜਾਣ ਦੇ ਬਾਅਦ ਵੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਦੋਸ਼ੀ ਦੀਆਂ ਹਰਕਤਾਂ ਵਧਦੀਆਂ ਦੇਖ ਉਸ ਨੇ 7 ਸਤੰਬਰ ਨੂੰ ਮੁੜ ਤੋਂ ਉਸ ਦੀ ਸ਼ਿਕਾਇਤ ਮਾਹਿਲਪੁਰ ਪੁਲਿਸ ਨੂੰ ਦਿੱਤੀ। ਜਿਸ ਤੋਂ ਬਾਅਦ ਪੁਲਿਸ ਵੱਲੋਂ ਮਾਮਲੇ ਨੂੰ ਲੈ ਕੇ ਕਾਰਵਾਈ ਕੀਤੀ ਜਾ ਰਹੀ ਹੈ।