ਹੁਸ਼ਿਆਰਪੁਰ: ਖੇਤੀ ਕਾਨੂੰਨਾਂ ਨੂੰ ਲੈ ਕੇ ਟੌਲ ਪਲਾਜ਼ਿਆਂ ਨੂੰ ਬੰਦ ਕਰਵਾਏ ਜਾਣ ਦੀ ਕੜੀ ਤਹਿਤ ਜਿਥੇ ਪਹਿਲਾਂ ਕਿਸਾਨਾਂ ਨੇ ਲਾਚੋਵਾਲ ਟੌਲ ਪਲਾਜ਼ਾ ਬੰਦ ਕਰਵਾਇਆ, ਉਥੇ ਸੋਮਵਾਰ ਨੂੰ ਚੰਡੀਗੜ੍ਹ ਰੋਡ 'ਤੇ ਸਥਿਤ ਨੰਗਲ ਸ਼ਹੀਦਾਂ ਟੌਲ ਪਲਾਜ਼ਾ ਨੂੰ ਇਕੱਠੇ ਹੋ ਕੇ ਬੰਦ ਕਰਵਾ ਦਿੱਤਾ ਗਿਆ।
ਪ੍ਰਦਰਸ਼ਨ ਦੌਰਾਨ ਗੱਲਬਾਤ ਕਰਦਿਆਂ ਕਿਸਾਨ ਯੂਨੀਅਨ ਹੁਸ਼ਿਆਰਪੁਰ ਦੇ ਪ੍ਰਧਾਨ ਮਨਜੀਤ ਸਿੰਘ ਰਾਏ ਨੇ ਕਿਹਾ ਕਿ ਟੌਲ ਪਲਾਜ਼ਾ ਨੂੰ ਬੰਦ ਕਰਵਾ ਕੇ ਫ੍ਰੀ ਕੀਤਾ ਗਿਆ ਹੈ, ਕਿਉਂਕਿ ਇੱਕ ਇਹ ਹੀ ਟੌਲ ਪਲਾਜ਼ਾ ਫ੍ਰੀ ਹੋਣ ਤੋਂ ਬਚਿਆ ਹੋਇਆ ਸੀ। ਉਨ੍ਹਾਂ ਕਿਹਾ ਕਿ ਇਹ ਅੰਦੋਲਨ ਦਾ ਹਿੱਸਾ ਹੈ, ਜਿਸ ਵਿੱਚ ਕਾਰਪੋਰੇਟ ਘਰਾਣਿਆਂ ਦੇ ਟੌਲ, ਪੈਟਰੋਲ ਪੰਪ ਅਤੇ ਸ਼ੋਅਰੂਮ ਆਦਿ ਪੰਜਾਬ ਭਰ ਵਿੱਚ ਬੰਦ ਕੀਤੇ ਜਾਣੇ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨਾਲ ਵੀ ਚੰਡੀਗੜ੍ਹ ਵਿਖੇ ਮੰਗਲਵਾਰ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੋਵੇਗੀ, ਜਿਸ ਦੌਰਾਨ ਹੋਏ ਫ਼ੈਸਲੇ ਉਪਰੰਤ ਜਥੇਬੰਦੀਆਂ ਵੱਲੋਂ ਉਲੀਕੀ ਰਣਨੀਤੀ ਤਹਿਤ ਕਿਸਾਨ ਅਗਲੇ ਸੰਘਰਸ਼ ਵੱਲ ਕੂਚ ਕਰਨਗੇ।
ਉਨ੍ਹਾਂ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਕਾਲੇ ਖੇਤੀ ਕਾਨੂੰਨਾਂ ਨੂੰ ਵਾਪਸ ਨਹੀਂ ਲੈਂਦੀ ਓਨਾ ਚਿਰ ਕਿਸਾਨਾਂ ਦਾ ਇਹ ਸੰਘਰਸ਼ ਜਾਰੀ ਰਹੇਗਾ ਅਤੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸੇ ਵੀ ਹੱਦ ਤੱਕ ਪਹੁੰਚ ਕੀਤੀ ਜਾਵੇਗੀ।