ਹੁਸ਼ਿਆਰਪੁਰ : ਜਲੰਧਰ ਰੋਡ ’ਤੇ ਮੋਟਰਸਾਈਕਲ ਸਵਾਰਾਂ ਵਲੋਂ ਵੈਨ ਚਾਲਕ ਦੀ ਕੁੱਟਮਾਰ ਕਰਕੇ ਉਨ੍ਹਾਂ ਪਾਸੋਂ 3 ਲੱਖ ਰੁਪਏ ਅਤੇ ਵੈਨ ਖੋਹ ਕੇ ਫ਼ਰਾਰ ਹੋਣ ਵਾਲੇ ਲੁਟੇਰਿਆਂ ਨੂੰ ਹੁਸ਼ਿਆਰਪੁਰ ਜ਼ਿਲ੍ਹਾ ਪੁਲਿਸ ਵਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਲੁਟੇਰਿਆਂ ਤੋਂ ਵਾਰਦਾਤ ਵਿੱਚ ਵਰਤਿਆ ਮੋਟਰਸਾਈਕਲ ਅਤੇ ਦੋ ਲੱਖ ਪੰਜ ਹਜ਼ਾਰ ਹਜ਼ਾਰ ਰੁਪਏ ਦੀ ਨਕਦ ਰਾਸ਼ੀ ਵੀ ਬਰਾਮਦ ਕਰ ਲਈ ਗਈ। ਪੁਲਿਸ ਇਸ ਮਾਮਲੇ ਵਿੱਚ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।
ਇਸ ਵਾਰਦਾਤ ਦੀ ਜਾਣਕਾਰੀ ਦਿੰਦਿਆਂ ਡੀਐੱਸਪੀ ਸਿਟੀ ਪਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਕਰਨ ਲਈ ਇੰਸਪੈਕਟਰ ਬਲਵਿੰਦਰ ਪਾਲ ਇੰਚਾਰਜ ਸੀ.ਆਈ.ਏ. ਸਟਾਫ਼ ਅਤੇ ਥਾਣਾ ਮਾਡਲ ਟਾਊਨ ਦੇ ਐਸ.ਐਚ.ਓ. ਹਰਪ੍ਰੇਮ ਸਿੰਘ ਦੀ ਟੀਮ ਬਣਾਈ ਗਈ ਸੀ। ਇਸ ਟੀਮ ਵਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ 11 ਜਨਵਰੀ ਦੀ ਸ਼ਾਮ ਨੂੰ 2 ਅਣਪਛਾਤੇ ਲੁਟੇਰਿਆਂ ਨੇ ਈ.ਸੀ.ਓ. ਵੈਨ ਚਾਲਕ ਹਰਪ੍ਰੀਤ ਸਿੰਘ ਪੁੱਤਰ ਮੋਹਣ ਸਿੰਘ ਵਾਸੀ ਢੰਡੋਵਾਲ ਜ਼ਿਲ੍ਹਾ ਜਲੰਧਰ ਤੋਂ ਉਸ ਦੀ ਕੁੱਟਮਾਰ ਕਰਕੇ ਕਰੀਬ 3 ਲੱਖ ਰੁਪਏ ਅਤੇ ਉਸਦੀ ਵੈਨ ਖੋਹ ਲਈ ਸੀ। ਇਹ ਵਾਰਦਾਤ ਕਰਕੇ ਮੁਲਜ਼ਮ ਫਰਾਰ ਹੋ ਗਏ ਸਨ।
ਇਹ ਵੀ ਪੜ੍ਹੋ: ਹਥਿਆਰਾਂ ਦੇ ਜ਼ੋਰ ਨਾਲ ਕਰਿਆਨਾ ਸਟੋਰ ਲੁੱਟਣ ਵਾਲੇ ਦੋ ਮੁਲਜ਼ਮ ਕਾਬੂ
ਡੀਐੱਸਪੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਵਲੋਂ ਕੇ.ਐਫ.ਸੀ. ਬਾਈਪਾਸ ਤੋਂ ਥੋੜ੍ਹਾ ਅੱਗੇ ਫਾਟਕਾਂ ਨਜ਼ਦੀਕ ਕੁੱਝ ਹੀ ਸਮੇਂ ਵਿੱਚ ਖੋਹੀ ਹੋਈ ਵੈਨ ਬਰਾਮਦ ਕਰ ਲਈ ਸੀ। ਉਨ੍ਹਾਂ ਦੱਸਿਆ ਕਿ ਹਰਪ੍ਰੀਤ ਸਿੰਘ ਦੇ ਬਿਆਨਾਂ ਉੱਤੇ ਥਾਣਾ ਮਾਡਲ ਟਾਊਨ ਵਿੱਚ ਮਾਮਲਾ ਦਰਜ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਗਠਿਤ ਕੀਤੀ ਗਈ ਟੀਮ ਵਲੋਂ ਵੱਖ-ਵੱਖ ਤਕਨੀਕਾਂ ਨਾਲ ਮੁਲਜ਼ਮਾਂ ਦੀ ਭਾਲ ਸ਼ੁਰੂ ਕੀਤੀ ਗਈ ਅਤੇ ਉਕਤ ਘਟਨਾ ਨੂੰ ਅੰਜਾਮ ਦੇਣ ਵਾਲੇ ਕਥਿਤ ਮੁਲਜ਼ਮ ਹਰਪ੍ਰੀਤ ਸਿੰਘ ਉਰਫ਼ ਹੈਪੀ ਪੁੱਤਰ ਪਿਆਰਾ ਸਿੰਘ ਵਾਸੀ ਕੁਹਾੜ ਕਲਾਂ ਜ਼ਿਲ੍ਹਾ ਜਲੰਧਰ ਅਤੇ ਨਵੀਨ ਕੁਮਾਰ ਪੁੱਤਰ ਸਵ: ਅਸ਼ੋਕ ਕੁਮਾਰ ਵਾਸੀ ਮੁਹੱਲਾ ਮਾਡਲ ਟਾਊਨ ਸ਼ਾਹਕੋਟ ਜ਼ਿਲ੍ਹਾ ਜਲੰਧਰ ਨੂੰ ਕਾਬੂ ਕਰ ਲਿਆ। ਇਸ ਮੌਕੇ ਡੀਐੱਸਪੀ ਨੇ ਸ਼ਹਿਰ ਵਿੱਚ ਹੋਣ ਵਾਲੀਆਂ ਵਾਰਦਾਤਾਂ ਨੂੰ ਲੈ ਕੇ ਜਿਲ੍ਹਾਂ ਪੁਲਿਸ ਗੰਭੀਰਤਾ ਨਾਲ ਕੰਮ ਕਰ ਰਹੀ ਹੈ। ਕਿਸੇ ਵੀ ਅਪਰਾਧੀ ਨੂੰ ਕਿਸੇ ਕੀਮਤ ਉੱਤੇ ਬਖਸ਼ਿਆ ਨਹੀਂ ਜਾਵੇਗਾ।