ਹੁਸ਼ਿਆਰਪੁਰ: ਕੋਰੋਨਾ ਲਾਗ ਨਾਲ ਜਿੱਥੇ ਆਮ ਲੋਕਾਂ ਦਾ ਜਨ-ਜੀਵਨ ਪ੍ਰਭਾਵਿਤ ਹੋਇਆ ਹੈ ਉੱਥੇ ਹੀ ਦੂਜਿਆਂ ਉੱਤੇ ਨਿਰਭਰ ਰਹਿਣ ਵਾਲੇ ਦਿਵਿਆਂਗ ਲੋਕਾਂ ਨੂੰ ਵੀ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੁਸ਼ਿਆਰਪੁਰ ਦੇ ਗੜ੍ਹਸ਼ੰਕਰ ਦੇ ਵਾਰਡ ਨੰਬਰ 2 ਦੀ ਰਹਿਣ ਵਾਲੀ ਆਸ਼ਾ ਦੇ 3 ਬੱਚੇ ਹਨ ਜਿਨ੍ਹਾਂ ਚੋਂ ਇੱਕ ਮੁੰਡਾ ਤੇ ਕੁੜੀ ਦਿਵਿਆਂਗ ਹਨ।
ਦਿਵਿਆਂਗ ਬੱਚਿਆਂ ਦੀ ਮਾਂ ਆਸ਼ਾ ਨੇ ਦੱਸਿਆ ਕਿ ਉਨ੍ਹਾਂ ਦੀ ਕੁੜੀ ਦਾ ਨਾਂਅ ਰਜਨੀ ਹੈ ਤੇ ਮੁੰਡੇ ਦਾ ਨਾਂਅ ਜਗਦੀਪ ਹੈ। ਉਨ੍ਹਾਂ ਨੇ ਕਿਹਾ ਕਿ ਰਜਨੀ ਦੀ ਅੱਖਾਂ ਦੀ ਰੌਸ਼ਨੀ ਨਹੀਂ ਹੈ ਤੇ ਜਗਦੀਪ ਤੁਰ ਫਿਰ ਨਹੀਂ ਸਕਦਾ। ਉਨ੍ਹਾਂ ਨੇ ਕਿਹਾ ਕਿ ਰਜਨੀ ਦੀ ਉਮਰ 27 ਸਾਲ ਹੈ ਤੇ ਜਗਦੀਪ 32 ਸਾਲਾਂ ਦਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਦਿਹਾੜੀਆਂ ਉੱਤੇ ਕੰਮ ਕਰਕੇ ਆਪਣੇ ਘਰ ਦਾ ਗੁਜ਼ਾਰਾ ਕਰਦੇ ਹਨ।
ਉਨ੍ਹਾਂ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਕਾਰਨ ਉਨ੍ਹਾਂ ਨੂੰ ਹੁਣ ਕੰਮ ਵੀ ਨਹੀਂ ਮਿਲ ਰਿਹਾ ਜਿਸ ਕਾਰਨ ਉਨ੍ਹਾਂ ਨੂੰ ਘਰ ਦਾ ਗੁਜ਼ਾਰਾ ਕਰਨ ਵਿੱਚ ਕਾਫੀ ਦਿੱਕਤ ਹੋ ਰਹੀ ਹੈ। ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੀ ਮਾਲੀ ਮਦਦ ਕੀਤੀ ਜਾਵੇ।
ਉਨ੍ਹਾਂ ਨੇ ਕਿਹਾ ਕਿ ਗੜ੍ਹਸ਼ੰਕਰ ਵਿੱਚ ਦਿਵਿਆਂਗ ਬੱਚਿਆਂ ਦਾ ਸਕੂਲ ਨਾ ਹੋਣ ਕਾਰਨ ਰਜਨੀ ਤੇ ਜਗਦੀਪ ਨਹੀਂ ਪੜ੍ਹ ਸਕੇ। ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਗੜ੍ਹਸ਼ੰਕਰ ਵਿੱਚ ਦਿਵਿਆਂਗ ਬੱਚਿਆਂ ਲਈ ਸਕੂਲ ਬਣਾਉਣ ਜਿਸ ਨਾਲ ਉਨ੍ਹਾਂ ਦੇ ਬੱਚੇ ਪੜ੍ਹ-ਲਿਖ ਕੇ ਆਪਣੀ ਜ਼ਿੰਦਗੀ ਨੂੰ ਸਵਾਰ ਸਕਣ ਤੇ ਕਿਸੇ ਉੱਤੇ ਨਿਰਭਰ ਨਾ ਰਹਿਣ।
ਜਗਦੀਪ ਤੇ ਰਜਨੀ ਦੇ ਭਰਾ ਸਨੀ ਨੇ ਦੱਸਿਆ ਕਿ ਉਨ੍ਹਾਂ ਨੂੰ ਸਰਕਾਰ ਵੱਲੋਂ ਪੈਨਸ਼ਨ ਲੱਗੀ ਹੋਈ ਹੈ ਜਿਸ ਦੀ ਰਕਮ 500 ਰੁਪਏ ਸੀ ਹੁਣ ਉਸ ਨੂੰ ਵਧਾ ਕੇ 700 ਰੁਪਏ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਇੰਨੀ ਘੱਟ ਪੈਨਸ਼ਨ ਵਿੱਚ ਗੁਜ਼ਾਰਾ ਕਰਨਾ ਬੇਹੱਦ ਮੁਸ਼ਕਲ ਹੈ।
ਇਹ ਵੀ ਪੜ੍ਹੋ:ਸੰਗਰੂਰ: ਰਾਮਨਗਰ ਬਸਤੀ ਦੇ ਵਾਸੀ ਨਰਕ ਭਰੀ ਜ਼ਿੰਦਗੀ ਜਿਉਣ ਨੂੰ ਮਜਬੂਰ