ਚੰਡੀਗੜ੍ਹ : ਜਲੰਧਰ ਵਿਕਾਸ ਅਥਾਰਿਟੀ (ਜੇਡੀਏ) ਨੇ ਹੁਸ਼ਿਆਰਪੁਰ ਵਿੱਚ 40 ਰਿਹਾਇਸ਼ੀ ਪਲਾਟ ਅਲਾਟ ਕਰਨ ਲਈ ਅਰਜ਼ੀਆਂ ਮੰਗੀਆਂ ਹਨ। ਇਸ ਯੋਜਨਾ ਤਹਿਤ ਪ੍ਰਸਤਾਵਿਤ ਪ੍ਰਤੀ ਪਲਾਟ ਦੀ ਕੀਮਤ 14 ਹਜ਼ਾਰ ਰੁਪਏ ਪ੍ਰਤੀ ਗਜ਼ ਨਿਰਧਾਰਤ ਕੀਤੀ ਗਈ ਹੈ। ਇਹ ਸਕੀਮ 25 ਜੂਨ, 2019 ਨੂੰ ਸ਼ੁਰੂ ਹੋ ਕੇ 22 ਜੁਲਾਈ, 2019 ਨੂੰ ਸਮਾਪਤ ਹੋਵੇਗੀ।
ਇਸ ਸਕੀਮ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਜਲੰਧਰ ਵਿਕਾਸ ਅਥਾਰਿਟੀ ਦੇ ਮੁੱਖ ਪ੍ਰਸ਼ਾਸਕ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਬਿਨੈਕਾਰ ਨੂੰ ਅਰਜ਼ੀ ਦੇਣ ਵੇਲੇ ਪਲਾਟ ਦੀ ਕੀਮਤ ਦੀ 10 ਫ਼ੀਸਦ ਰਾਸ਼ੀ ਜਮ੍ਹਾਂ ਕਰਾਉਣੀ ਪਵੇਗੀ। ਪਲਾਟ ਅਲਾਟ ਹੋਣ ਤੋਂ ਬਾਅਦ 30 ਦਿਨਾਂ ਦੇ ਅੰਦਰ 15 ਫ਼ੀਸਦੀ ਦੀ ਅਗਲੀ ਕਿਸ਼ਤ ਜਮ੍ਹਾਂ ਕਰਾਉਣੀ ਪਵੇਗੀ ਜਦੋਂ ਕਿ ਬਾਕੀ ਬਚਦੀ 75 ਫ਼ੀਸਦ ਰਾਸ਼ੀ ਅਲਾਟੀ ਦੋ ਤਰ੍ਹਾਂ ਨਾਲ ਜਮ੍ਹਾਂ ਕਰਵਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਜਾਂ ਤਾਂ ਛੇ ਛਿਮਾਹੀ ਬਰਾਬਰ ਦੀਆਂ ਕਿਸ਼ਤਾਂ 12 ਫ਼ੀਸਦੀ ਸੰਯੁਕਤ ਵਿਆਜ ਸਹਿਤ ਜਾਂ ਫਿਰ ਪਲਾਟ ਅਲਾਟ ਹੋਣ ਦੇ 60 ਦਿਨਾਂ ਦੇ ਅੰਦਰ ਅੰਦਰ ਯਕਮੁਸ਼ਤ ਰਾਸ਼ੀ ਅਦਾ ਕਰਕੇ 5 ਫ਼ੀਸਦ ਵਿਆਜ ਦੀ ਛੋਟ ਲਈ ਜਾ ਸਕਦੀ ਹੈ।
ਉਨ੍ਹਾਂ ਦੱਸਿਆ ਕਿ ਪਲਾਟਾਂ ਦਾ ਡਰਾਅ 7 ਅਗਸਤ, 2019 ਨੂੰ ਕੱਢਿਆ ਜਾਵੇਗਾ। ਅਲਾਟੀਆਂ ਨੂੰ ਪਲਾਟਾਂ ਦਾ ਕਬਜ਼ਾ 25 ਫ਼ੀਸਦੀ ਰਾਸ਼ੀ ਜਮ੍ਹਾਂ ਕਰਾਉਣ ਤੋਂ ਬਾਅਦ ਦਿੱਤਾ ਜਾਵੇਗਾ। ਮੁੱਖ ਪ੍ਰਸ਼ਾਸਕ ਅਨੁਸਾਰ ਵੱਖ ਵੱਖ ਬੈਂਕਾਂ ਵੱਲੋਂ ਅਰਜ਼ੀ ਫਾਰਮਾਂ ਦੀ ਵਿਕਰੀ ਅਤੇ ਜਮ੍ਹਾਂ ਕਰਾਉਣ ਵਿੱਚ ਸਹਿਯੋਗ ਕੀਤਾ ਜਾਵੇਗਾ।