ਅੰਮ੍ਰਿਤਸਰ: ਕਰੀਬ 17 ਸਾਲ ਫੌਜ ਵਿੱਚ ਰਹਿ ਕੇ ਦੇਸ਼ ਦੀ ਸੇਵਾ ਕਰਨ ਵਾਲੇ ਮਨਦੀਪ ਸਿੰਘ ਨੇ ਆਪਣੀ ਜ਼ਿੰਦਗੀ ਦੀ ਸਾਰੀ ਪੂੰਜੀ 40 ਲੱਖ ਰੁਪਏ ਏਜੰਟਾਂ ਨੂੰ ਦੇ ਦਿੱਤੇ। ਇਥੇ ਹੀ ਬਸ ਨਹੀਂ ਨਾਲ ਹੀ 14 ਲੱਖ ਰੁਪਏ ਦੇ ਦਾ ਕਰਜਾ ਵੀ ਲਿਆ। ਆਸ ਸੀ ਕਿ ਅਮਰੀਕਾ ਪਹੁੰਚ ਕੇ ਅੱਖੀ ਸਜਾਏ ਸੁਪਨੇ ਸੱਚ ਹੋਣਗੇ, ਪਰ ਕਿਸਮਤ ਨੇ ਅਜਿਹਾ ਵਾਰ ਕੀਤਾ ਕਿ ਮਨਦੀਪ ਨੂੰ ਅਮਰੀਕਾ ਜਾਣ ਲਈ ਬਾਰਡਰ ਕ੍ਰਾਸ ਕਰਦੇ ਹੀ ਅਮਰੀਕਾ ਦੇ ਫੌਜੀ ਜਹਾਜ਼ ਵਿੱਚ ਬਠਾਕੇ ਵਾਪਸ ਭਾਰਤ ਭੇਜ ਦਿੱਤਾ। ਦੱਸ ਦਈਏ ਕਿ ਮਨਦੀਪ ਪਿਛਲੇ ਸਾਲ 13 ਅਗਸਤ ਨੂੰ ਅਮਰੀਕਾ ਲਈ ਅੰਮ੍ਰਿਤਸਰ (ਪੰਜਾਬ) ਤੋਂ ਨਿਕਲਿਆ ਸੀ।
ਅੰਮ੍ਰਿਤਸਰ ਤੋਂ ਅਮਰੀਕਾ 'ਡੰਕੀ ਰੂਟ'
ਅੰਮ੍ਰਿਤਸਰ ਦੇ ਬਟਾਲਾ ਰੋਡ ਉੱਤੇ ਪਾਮ ਗਾਰਡਨ ਦਾ ਮਨਦੀਪ ਸਿੰਘ ਅਮਰੀਕਾ ਤੋਂ ਡਿਪੋਰਟ ਹੋ ਕੇ ਬੀਤੇ ਦਿਨ ਐਤਵਾਰ ਨੂੰ ਆਏ ਤੀਜੇ ਜਹਾਜ਼ ਰਾਹੀਂ ਭਾਰਤ ਪਹੁੰਚਿਆ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮਨਦੀਪ ਸਿੰਘ ਨੇ ਆਪਣੀ ਹੱਡਬੀਤੀ ਦੱਸੀ ਹੈ।
ਮੈਂ 13 ਅਗਸਤ 2024 ਨੂੰ ਅੰਮ੍ਰਿਤਸਰ ਤੋਂ ਜਹਾਜ਼ ਵਿੱਚ ਦਿੱਲੀ ਤੱਕ ਗਿਆ ਸੀ। ਫਿਰ ਦਿੱਲੀ ਤੋਂ ਉਸ ਦੀ ਫਲਾਈਟ ਮੁੰਬਈ ਅਤੇ ਮੁੰਬਈ ਤੋਂ ਬਾਅਦ ਰੋਬੀਆ ਅਤੇ ਉਸ ਤੋਂ ਅੱਗੇ ਕੀਨੀਆ ਤੱਕ ਮੇਰੀ ਫ਼ਲਾਈਟ ਸੀ ਫਿਰ ਕੀਨੀਆ ਤੋਂ ਡਕਾਰ ਤੱਕ ਦੀ ਫਲਾਈਟ ਸੀ। ਫ਼ਿਰ ਉਸ ਤੋਂ ਬਾਅਦ ਡਕਾਰ ਤੋਂ ਅਮਿਸਟਰ ਡੈਮ ਦੀ ਯੂਰਪ ਤੱਕ ਫਲਾਈਟ ਹੋਈ, ਫਿਰ ਸੂਰੀ ਨੇਮ ਤੱਕ ਇਹ ਸਾਰਾ ਰਸਤਾ ਫਲਾਈਟ ਰਾਹੀਂ ਤੈਅ ਹੋਇਆ। ਉਸ ਤੋਂ ਬਾਅਦ ਫਿਰ ਜਿਹੜਾ ਵੀ ਰਸਤਾ ਤੈਅ ਕੀਤਾ, ਯੂਐੱਸਏ ਤੋਂ ਅਮਰੀਕਾ ਤੱਕ ਉਹ ਸਾਰਾ ਗੱਡੀਆਂ ਰਾਹੀਂ ਤੈਅ ਕੀਤਾ। ਸੂਰੀ ਨੇਮ ਤੋਂ ਗਵਾਂਨਾਂ, ਗਵਾਂਨਾਂ ਤੋਂ ਬਾਅਦ ਵਿਲੀਵੀਆ, ਵੀਲੀਵੀਆ ਤੋਂ ਪੇਰੂ, ਪੇਰੂ ਤੋਂ ਬਾਅਦ ਬ੍ਰਾਜੀਲ, ਬ੍ਰਾਜੀਲ ਤੋਂ ਐਕੂਆ ਡੋਰ, ਫਿਰ ਕੋਲੰਬੀਆ ਅਤੇ ਫਿਰ ਆਏ ਪਨਾਮਾ ਦੇ ਜੰਗਲ। ਇਸ ਦੌਰਾਨ ਸਮੁੰਦਰ ਵਿੱਚ ਢਾਈ-ਤਿੰਨ ਘੰਟੇ ਜੋ ਕੱਟੇ, ਉਸ ਨੇ ਰੱਬ ਯਾਦ ਕਰਵਾਇਆ। ਫਿਰ ਪਨਾਮਾ ਦੇ ਜੰਗਲਾਂ ਦਾ ਜੋ ਰਾਹ ਸੀ, ਉੱਥੇ ਮਗਰਮੱਛ ਬਹੁਤ ਦੇਖੇ। ਅਜਿਹਾ ਵੀ ਸਮਾਂ ਆਇਆ ਕਿ ਸਾਨੂੰ ਇਸ ਤਰ੍ਹਾਂ ਹੋਇਆ ਕਿ ਜਾਂ ਅੱਗੇ ਅਜਿਹਾ ਰਾਹ ਨਾ ਮਿਲੇ, ਜਾਂ ਫਿਰ ਅਸੀਂ ਵਾਪਸ ਮੁੜ ਜਾਈਏ।

70 ਦਿਨ ਮੈਗੀ ਖਾ ਕੇ ਗੁਜ਼ਾਰਾ ਕੀਤਾ
ਮਨਦੀਪ ਸਿੰਘ ਨੇ ਦੱਸਿਆ ਕਿ ਜਿੰਨੇ ਦਿਨ ਰਾਹ ਤੈਅ ਕੀਤਾ, ਉਸ ਸਮੇਂ 70 ਦਿਨ ਮੈਗੀ ਖਾ ਕੇ ਗੁਜ਼ਾਰਾ ਕੀਤਾ। ਜਾਂ ਫਿਰ ਕੱਚੀਆਂ ਰੋਟੀਆਂ ਮਿਲਦੀਆਂ ਸੀ, ਪਰ ਕੋਈ ਆਪਸ਼ਨ ਨਹੀਂ ਸੀ। ਜੇਕਰ ਕੁਝ ਨਾਂ ਖਾਂਦੇ ਤਾਂ ਭੁੱਖ ਬਰਦਾਸ਼ ਨਾ ਹੁੰਦੀ।
"ਬਾਥਰੂਮ ਵੀ ਬੋਤਲਾਂ ਵਿੱਚ ਕਰਦੇ ..."
ਭਰੇ ਮਨ ਨਾਲ ਮਨਦੀਪ ਸਿੰਘ ਨੇ ਦੱਸਿਆ ਕਿ, "ਬਾਰਡਰ ਕ੍ਰਾਸ ਕਰਨ ਤੋਂ ਬਾਅਦ ਜੰਗਲੀ ਰਾਹ ਹੀ ਤੈਅ ਕਰਨਾ ਪੈਂਦਾ ਹੈ ਜਿਸ ਨੂੰ ਗੱਡੀਆਂ ਰਾਹੀਂ ਤੈਅ ਕੀਤਾ ਜਾਂਦਾ। ਇਸ ਗੱਡੀ ਵਿੱਚ 5 ਲੋਕਾਂ ਦੇ ਬੈਠਣ ਦੀ ਥਾਂ ਹੁੰਦੀ, ਪਰ 10 ਤੋਂ 15 ਲੋਕ ਬਿਠਾਏ ਜਾਂਦੇ ਹਨ। ਇਸ ਦੌਰਾਨ ਕੋਈ ਖਾਣ ਤੋਂ ਵੀ ਡਰਦਾ ਹੈ, ਕਿਉਂਕਿ ਪਤਾ ਹੀ ਨਹੀਂ ਹੁੰਦਾ ਕਿ ਬਾਅਦ ਵਿੱਚ ਟਾਇਲੇਟ ਜਾਂ ਬਾਥਰੂਮ ਜਾਣ ਦੇਣਗੇ ਜਾਂ ਨਹੀਂ।" ਮਨਦੀਪ ਨੇ ਹਾਲਾਤ ਬਿਆਨ ਕਰਦਿਆ ਦੱਸਿਆ ਕਿ "ਉਨ੍ਹਾਂ ਨੂੰ ਗੱਡੀ ਵਿੱਚ ਬੈਠਕੇ ਬਾਥਰੂਮ ਵੀ ਬੋਤਲ ਵਿੱਚ ਕਰਨਾ ਪੈਂਦਾ ਸੀ।"

"ਦਾੜੀ ਕਤਲ ਕਰਵਾਈ, ਦੁਮਾਲੇ ਤੇ ਪੱਗਾਂ ਦੀ ਹੁੰਦੀ ਬੇਅਦਬੀ"
ਪਨਾਮਾ ਜੰਗਲ ਕ੍ਰਾਸ ਕਰਨ ਵਿੱਚ 13 ਦਿਨ ਲੱਗੇ, ਜਿਸ ਤੋਂ ਬਾਅਦ ਇਨ੍ਹਾਂ ਦਾ ਕੈਂਪ ਆ ਜਾਂਦਾ ਹੈ ਅਥੇ ਉੱਥੇ ਹੀ ਰਾਤ ਰੱਖਿਆ ਜਾਂਦਾ ਹੈ। ਕੈਂਪ ਵਿੱਚ ਬਿਸਕੁਟ ਅਤੇ ਕੱਚੀਆਂ ਰੋਟੀਆਂ ਮਿਲੀਆਂ।
ਮਨਦੀਪ ਨੇ ਦੱਸਿਆ ਕਿ ਅਮਰੀਕਾ ਵਿੱਚ ਦਾਖਲ ਹੋਣ ਤੋਂ ਬਾਅਦ ਜਦੋਂ ਅਮਰੀਕੀ ਫੌਜ ਵੱਲੋਂ ਨੌਜਵਾਨਾਂ ਦੀ ਤਲਾਸ਼ੀ ਲਈ ਜਾਂਦੀ ਹੈ, ਉਸ ਸਮੇਂ ਜੋ ਵਰਤਾਓ ਕੀਤਾ ਜਾਂਦਾ ਹੈ, ਉਹ ਬੇਹਦ ਦੁਖਦਾਈ ਹੈ।
“ਸਾਡੇ ਬੈਗ ਖਾਲੀ ਕਰਵਾ ਲਏ, ਬੂਟਾਂ ਦੇ ਤਸਮੇਂ ਤੱਕ ਉਤਾਰ ਦਿੱਤੇ। ਸਰਦਾਰ ਬੰਦਿਆਂ ਨਾਲ ਹੋਰ ਵੀ ਮਾੜਾ ਸਲੂਕ ਕੀਤਾ ਜਾਂਦਾ ਹੈ। ਮੈਂ ਤਾਂ ਗੁਰਸਿੱਖ ਸੀ, ਹੋਰ ਅੰਮ੍ਰਿਤਧਾਰੀ ਨੌਜਵਾਨ ਵੀ ਸਨ, ਜਿਨ੍ਹਾਂ ਦੇ ਸਾਮਾਨਾਂ ਦੀ ਤਲਾਸ਼ੀ ਕਰਕੇ ਸੁੱਟ ਦਿੱਤਾ ਜਾਂਦਾ ਹੈ। ਦੁਮਾਲੇ, ਪੱਗਾਂ ਅਤੇ ਪਰਨੇ ਵੀ ਡਸਟਬਿਨ ਵਿੱਚ ਸੁੱਟ ਦਿੱਤੇ ਗਏ। ਸਾਨੂੰ ਨੰਗੇ ਸਿਰ ਬੇੜੀਆ ਲਾ ਕੇ ਵਾਪਸੀ ਲਈ ਅਮਰੀਕਾ ਦੀ ਫੌਜੀ ਨੇ ਜਹਾਜ਼ ਵਿੱਚ ਬਿਠਾ ਦਿੱਤਾ।”
ਵਾਪਸੀ ਦੇ ਸਮੇਂ ਜਹਾਜ਼ ਅੰਦਰ ਵੀ ਬੇੜੀਆ ਬੰਨ੍ਹਕੇ ਰੱਖੀਆ
ਮਨਦੀਪ ਸਿੰਘ ਨੇ ਦੱਸਿਆ ਕਿ "ਡਿਪੋਰਟ ਹੋ ਕੇ ਵਾਪਸ ਪਰਤ ਰਹੇ ਸੀ, ਉਸ ਜਹਾਜ਼ ਅੰਦਰ ਵੀ ਸਾਨੂੰ ਬੇੜੀਆਂ ਬੰਨ੍ਹੀਆਂ ਗਈਆਂ ਸਿਰ ਢੱਕਣ ਲਈ ਵੀ ਕੋਈ ਕੱਪੜਾ ਨਹੀਂ ਦਿੱਤਾ। ਖਾਣ ਲਈ ਸੇਬ, ਚਿਪਸ ਅਤੇ ਫਰੂਟੀ ਦਿੱਤੇ ਸਨ। ਬਾਥਰੂਮ ਜਾਣਾ ਹੁੰਦਾ, ਤਾਂ ਇੱਕੋ ਹੱਥ ਖੋਲ੍ਹਦੇ ਸੀ। ਪਾਣੀ ਪੀ-ਪੀ ਕੇ ਅਮਰੀਕਾ ਤੋਂ ਵਾਪਸ ਅੰਮ੍ਰਿਤਸਰ ਤੱਕ ਦਾ ਰੂਟ ਤੈਅ ਕੀਤਾ ਹੈ।
ਫੌਜ ਤੋਂ ਮਿਲੇ ਰਿਟਾਇਰਮੈਂਟ ਦੇ ਪੈਸੇ ਲਾਏ, ਪਤਨੀ ਦੇ ਗਹਿਣੇ ਵੀ ਗਏ
ਮਨਦੀਪ ਸਿੰਘ ਨੇ ਦੱਸਿਆ ਕਿ ਉਹ ਫੌਜ ਵਿੱਚ ਸੀ, ਤਾਂ ਉਸ ਨੂੰ ਰਿਟਾਇਰਮੈਂਟ ਮੌਕੇ 35 ਲੱਖ ਰੁਪਏ ਦੇ ਕਰੀਬ ਰਕਮ ਮਿਲੀ ਸੀ। ਬਾਕੀ ਉਸ ਨੇ ਆਪਣੀ ਪਤਨੀ ਦੇ ਗਹਿਣੇ ਵੇਚੇ, ਤਾਂ ਕੁੱਲ 40 ਲੱਖ ਰੁਪਏ ਦੇ ਕੇ ਏਜੰਟ ਨੂੰ ਦੇ ਕੇ ਅਮਰੀਕਾ ਗਿਆ ਸੀ। ਉਸ ਨੇ ਦੱਸਿਆ ਕਿ ਉਸ ਨੇ ਏਜੰਟ ਨੂੰ 14 ਲੱਖ ਰੁਪਏ ਦੇ ਖਾਲੀ ਚੈੱਕ ਵੀ ਦਿੱਤੇ ਹਨ। ਪਰ ਹੁਣ ਏਜੰਟ ਕਹਿੰਦਾ ਹੈ ਕਿ ਉਹ ਉਨ੍ਹਾਂ ਨਾਲ ਬੈਠ ਕੇ ਗੱਲਬਾਤ ਕਰੇਗਾ। ਮਨਦੀਪ ਨੇ ਕਿਹਾ ਕਿ, ਜੇਕਰ ਗੱਲਬਾਤ ਹੁੰਦੀ ਹੈ, ਤਾਂ ਠੀਕ, ਨਹੀਂ ਤਾਂ ਫਿਰ ਉਹ ਏਜੰਟ ਦਾ ਨਾਂ ਵੀ ਨਸ਼ਰ ਕਰੇਗਾ ਅਤੇ ਉਸ ਦੇ ਖਿਲਾਫ ਕਾਰਵਾਈ ਵੀ ਕਰਵਾਏਗਾ। ਉੱਥੇ ਹੀ ਮਨਦੀਪ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਵੀ ਇਸ ਦੇ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ, ਜੋ ਗੁਰਸਿੱਖਾਂ ਨਾਲ ਗ਼ਲਤ ਵਿਵਹਾਰ ਹੋ ਰਿਹਾ ਹੈ।